ਰੋਹਿਤ ਗੋਇਲ
ਪੱਖੋ ਕੈਂਚੀਆਂ, 18 ਅਗਸਤ
ਪਿੰਡ ਚੀਮਾ ਦੇ ਸੱਤਾਧਰੀ ਪਾਰਟੀ ਦੇ ਆਗੂਆਂ ਵੱਲੋਂ ਵਾਰ-ਵਾਰ ਮਨਰੇਗਾ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਹਿਣ ਦੇ ਬਾਵਜੂਦ ਪਿੰਡ ਦੇ ਨਿਕਾਸੀ ਨਾਲੇ ਵਿੱਚੋਂ ਕੱਢੀ ਗਾਰ ਆਦਿ ਚੁੱਕਣ ਲਈ ਮਜ਼ਦੂਰਾਂ ਨੇ ਹਾਮੀ ਨਹੀਂ ਭਰੀ। ਇਸ ਤੋਂ ਬਾਅਦ ਪਿੰਡ ਚੀਮਾ ਵਾਸੀਆਂ ਨੂੰ ਗੰਦਗੀ ਤੋਂ ਨਿਜ਼ਾਤ ਦਿਵਾਉਣ ਲਈ ਪਿੰਡ ਦੇ ਸਮਾਜ ਸੇਵੀ ਆਗੂਆਂ ਤੇ ਆਜ਼ਾਦ ਕਲੱਬ ਵਲੋਂ ਸਫ਼ਾਈ ਮੁਹਿੰਮ ਵਿੱਢੀ ਗਈ ਹੈ।
ਸਮਾਜ ਸੇਵੀ ਆਗੂ ਮਲੂਕ ਸਿੰਘ ਧਾਲੀਵਾਲ ਵਲੋਂ ਆਪਣੇ ਪੱਧਰ ’ਤੇ 15-20 ਹਜ਼ਾਰ ਦੀ ਲਾਗਤ ਨਾਲ ਆਜ਼ਾਦ ਕਲੱਬ ਦੇ ਆਗੂਆਂ, ਸਮਾਜ ਸੇਵੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ ਪਿੰਡ ਦੇ ਨਿਕਾਸੀ ਨਾਲੇ ਵਿੱਚੋਂ ਨਿੱਕਲੀ ਗੰਦਗੀ ਟਰਾਲੀਆਂ ਭਰ ਕੇ ਪਿੰਡੋਂ ਬਾਹਰ ਸੁੱਟੀ ਗਈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਮੌਸਮ ਕਾਰਨ ਨਿਕਾਸੀ ਨਾਲੇ ਵਿੱਚੋਂ ਕੱਢੀ ਗੰਦਗੀ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਹੈ, ਪਰ ਮਨਰੇਗਾ ਮਜ਼ਦੂਰ ਪਿੰਡ ਦੇ ਇਸ ਕਾਰਜ ਲਈ ਰਾਜ਼ੀ ਨਹੀਂ ਹੋਏ। ਇਸ ਦੇ ਚੱਲਦਿਆਂ ਅੱਜ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਕਲੱਬ ਅਤੇ ਪਿੰਡ ਦੇ ਉੱਦਮੀ ਨੌਜਵਾਨਾਂ ਦੀ ਸਹਾਇਤਾ ਨਾਲ ਪਿੰਡ ਵਾਸੀਆਂ ਦੀ ਗੰਦਗੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ।
ਇਸ ਮੌਕੇ ਜੀਵਨ ਸਿੰਘ ਧਾਲੀਵਾਲ ਕਲੱਬ ਪ੍ਰਧਾਨ, ਗੁਰਮੇਲ ਸਿੰਘ ਗੇਲਾ, ਲਖਵਿੰਦਰ ਸਿੰਘ ਸੀਰਾ, ਜੀਤਾ ਸਿੰਘ ਗਾਂਧੀਕਾ, ਲਖਵੀਰ ਸਿੰਘ ਲੱਖਾ, ਮੇਘ ਸਿੰਘ ਫ਼ੌਜੀ, ਅਮਨਾ ਸਿੰਘ, ਨਵਦੀਪ ਸਿੰਘ, ਸੀਰਾ ਸਿੰਘ ਚੇਤੂਕਾ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।