ਪੱਤਰ ਪ੍ਰੇਰਕ
ਭੁੱਚੋ ਮੰਡੀ, 16 ਸਤੰਬਰ
ਲੰਘੀ ਰਾਤ ਚੋਰ ਮਾਲ ਰੋਡ ’ਤੇ ਸਥਿੱਤ ਚਾਰ ਦੁਕਾਨਾਂ ਦੀਆਂ ਮਮਟੀਆਂ ਦੇ ਮਜ਼ਬੂਤ ਦਰਵਾਜ਼ੇ ਤੋੜ ਕੇ ਚੋਰ ਗੱਲਿਆਂ ਵਿੱਚੋਂ ਲਗਪਗ 24 ਹਜ਼ਾਰ ਦੀ ਨਗ਼ਦੀ, ਸੀਸੀਟੀਵੀ ਕੈਮਰੇ, ਡੀਵੀਆਰ, ਨਵੇਂ ਬੂਟ ਅਤੇ ਕਾਜੂ ਬਦਾਮ ਚੋਰੀ ਕਰਕੇ ਲੈ ਗਏ। ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰੀ ਕਰ ਕੇ ਉਸ ਦਾ ਸਬੂਤ ਖ਼ਤਮ ਕਰਨ ਦੀ ਇਹ ਪਹਿਲੀ ਘਟਨਾ ਹੈ। ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਾਲੇ ਬਾਜ਼ਾਰਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਹੈ। ਪੀੜਤ ਦੁਕਾਨਦਾਰਾਂ ਅਨੁਸਾਰ ਚੋਰ ਜਸ਼ਨ ਕੋਹਲੀ ਦੀ ਮਠਿਆਈ ਵਾਲੀ ਦੁਕਾਨ ਵਿੱਚੋਂ ਕੈਮਰਾ, ਡੀਵੀਆਰ ਅਤੇ ਲਗਪਗ 4 ਹਜ਼ਾਰ ਰੁਪਏ, ਤਾਂਗੜੀ ਮਸ਼ੀਨਰੀ ਸਟੋਰ ਤੋਂ ਪੰਜ ਤੋਂ ਛੇ ਹਜ਼ਾਰ ਰੁਪਏ, ਫੈਸ਼ਨ ਔਰਕਿੱਡ ਤੋਂ ਪੰਜ ਜੋੜੇ ਬੂਟ, ਡੀਵੀਆਰ ਤੇ 3 ਕੁ ਹਜ਼ਾਰ ਦੀ ਨਗ਼ਦੀ ਅਤੇ ਮੁਨੀਸ਼ ਕਰਿਆਣਾ ਸਟੋਰ ਤੋਂ ਪੰਜ-ਛੇ ਹਜ਼ਾਰ ਦੀ ਨਗ਼ਦੀ, ਬਦਾਮ ਤੇ ਕਾਜੂਆਂ ਦਾ ਇੱਕ ਇੱਕ ਡੱਬਾ ਚੋਰੀ ਕਰਕੇ ਲੈ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।