ਸ਼ਗਨ ਕਟਾਰੀਆ
ਬਠਿੰਡਾ, 18 ਜੁਲਾਈ
ਸੰਗਤ ਮੰਡੀ-ਕੋਟਗੁਰੂ ਸੰਪਰਕ ਸੜਕ ਰੇਲਵੇ ਫਾਟਕ ਨਜ਼ਦੀਕ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਇੱਥੇ ਸੜਕ ਦਾ ਨਾਮੋ-ਨਿਸ਼ਾਨ ਨਹੀਂ, ਸਿਰਫ ਵੱਡੇ-ਵੱਡੇ ਖੱਡੇ ਹੀ ਹਨ। ਇਸ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਡਾਹਢੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੌਰਤਲਬ ਹੈ ਕਿ ਇਨ੍ਹਾਂ ਖੱਡਿਆਂ ਕਾਰਨ ਕੁਝ ਅਰਸਾ ਪਹਿਲਾਂ ਇੱਥੇ ਮੋਟਰਸਾਈਕਲ ਤੋਂ ਡਿੱਗਣ ਕਾਰਨ ਇੱਕ ਇਨਸਾਨੀ ਜ਼ਿੰਦਗੀ ਵੀ ਖਤਮ ਹੋ ਚੁੱਕੀ ਹੈ, ਪ੍ਰੰਤੂ ਫਿਰ ਵੀ ਕਈ ਸਾਲਾਂ ਤੋਂ ਟੁੱਟੀ ਇਸ ਸੜਕ ਵੱਲ ਅੱਜ ਤੱਕ ਸਰਕਾਰ ਦਾ ਧਿਆਨ ਨਹੀਂ ਹੋਇਆ। ਸੰਗਤ ਮੰਡੀ ਵਿੱਚ ਬਲਾਕ ਪੱਧਰ ਦੇ ਅਨੇਕਾਂ ਦਫ਼ਤਰ ਹੋਣ ਕਰਕੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਕਸਰ ਹੀ ਇੱਥੋਂ ਰੋਜ਼ਾਨਾ ਲੰਘਣਾ ਪੈਂਦਾ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡ ਘੁੱਦਾ ਵਿਚ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦਾ ਕਾਲਜ ਹੋਣ ਕਰਕੇ ਵੱਡੀ ਗਿਣਤੀ ’ਚ ਲੰਘਦੇ ਰਾਹਗੀਰਾਂ ਬਹੁਤ ਹੀ ਮੁਸ਼ਕਲ ਹੁੰਦੀ ਹੈ। ਮੀਂਹ ਦੇ ਦਿਨਾਂ ਵਿੱਚ ਤਾਂ ਲੰਘਣਾ ਬਿਲਕੁੱਲ ਬੰਦ ਹੀ ਹੋ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸੜਕ ਉੱਪਰੋਂ ਕਈ ਨੇਤਾ ਤੇ ਅਧਿਕਾਰੀ ਵੀ ਲੰਘਦੇ ਹਨ, ਪ੍ਰੰਤੂ ਅੱਜ ਤੱਕ ਕਿਸੇ ਨੇ ਵੀ ਇਸ ਦੀ ਮੁਰੰਮਤ ਕਰਵਾਉਣ ਦੀ ਹਿੰਮਤ ਨਹੀਂ ਦਿਖਾਈ। ਪਿੰਡ ਕੋਟਗੁਰੂ ਦੇ ਨੌਜਵਾਨ ਸਮਾਜ ਸੇਵੀ ਅਤੇ ਸਾਬਕਾ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਵਿੱਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਕਿਸੇ ਵੱਡੇ ਮੀਂਹ ਪੈਣ ਤੋਂ ਪਹਿਲਾਂ ਇਸ ਸੜਕ ਦੇ ਟੁੱਟੇ ਹਿੱਸੇ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।