ਅਬੋਹਰ (ਸੁੰਦਰ ਨਾਥ ਆਰੀਆ): ਲੰਬੀ ਮਾਈਨਰ ਵਿੱਚ ਅੱਜ ਤੜਕੇ ਢਾਣੀ ਅਹੀਰਾਂਵਾਲੀ ਨੇੜੇ ਪਾਣੀ ਰਿਸਾਅ ਹੋਣ ਕਾਰਨ ਨਹਿਰ ਵਿੱਚ 50 ਫੁੱਟ ਪਾੜ ਪੈ ਗਿਆ ਜਿਸ ਕਾਰਨ 50 ਏਕੜ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਨਹਿਰ ਨੂੰ ਪਿੱਛੋਂ ਬੰਦ ਕਰਵਾ ਦਿੱਤਾ ਗਿਆ ਹੈ। ਕਰੀਬ 24 ਘੰਟੇ ਬਾਅਦ ਪਾਣੀ ਪੂਰੀ ਤਰ੍ਹਾਂ ਬੰਦ ਹੋਵੇਗਾ, ਜਿਸ ਤੋਂ ਬਾਅਦ ਨਹਿਰੀ ਮਹਿਕਮੇ ਵੱਲੋਂ ਪਾੜ ਨੂੰ ਪੂਰਿਆ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਅੱਜ ਜਾਂ ਕੱਲ੍ਹ ਇੱਕ-ਦੋ ਦਿਨਾਂ ਵਿੱਚ ਪਾਣੀ ਦੀ ਵਾਰੀ ਸੀ, ਉਨ੍ਹਾਂ ਨੂੰ ਸਮੇਂ ’ਤੇ ਪਾਣੀ ਨਾ ਮਿਲਣ ਕਾਰਨ ਪਰੇਸ਼ਾਨੀ ਝੱਲਣੀ ਪਵੇਗੀ।