ਸੁੰਦਰ ਨਾਥ ਆਰੀਆ
ਅਬੋਹਰ, 21 ਮਈ
ਪਿੰਡ ਤਾਜਾ ਪਟੀ ਅਤੇ ਬਜੀਦਪੁਰ ਮਾਈਨਰ ਵਿੱਚ ਲੰਘੀ ਰਾਤ ਆਏ ਝੱਖੜ ਅਤੇ ਮੀਂਹ ਕਾਰਨ 20 ਫੁੱਟ ਦਾ ਪਾੜ ਪੈ ਗਿਆ ਜਿਸ ਨਾਲ ਖੇਤਾਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਵਿਭਾਗ ਦੇ ਬੇਲਦਾਰ ’ਤੇ ਫੋਨ ਕਰਨ ਦੇ ਬਾਵਜੂਦ ਪਾਣੀ ਘੱਟ ਨਾ ਕਰਨ ਦੇ ਦੋਸ਼ ਲਾਏ ਹਨ।
ਕਿਸਾਨ ਸੁਭਾਸ਼ ਨੇ ਦੱਸਿਆ ਕਿ ਨਹਿਰ ਟੁੱਟਣ ਦੀ ਸੂਚਨਾ ਉਨ੍ਹਾਂ ਵਿਭਾਗ ਨੂੰ ਲੰਘੀ ਦੇਰ ਦੇ ਦਿੱਤੀ ਸੀ। ਸੂਚਨਾ ਮਿਲਣ ਦੇ ਬਾਅਦ ਵੀ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਮੌਕੇ ’ਤੇ ਨਹੀਂ ਪੁੱਜਿਆ। ਉਨ੍ਹਾਂ ਦੱਸਿਆ ਕਿ ਉਸ ਨੇ ਬਿਜਾਈ ਲਈ ਜ਼ਮੀਨ ਤਿਆਰ ਕੀਤੀ ਸੀ ਪਰ ਨਹਿਰ ਟੁੱਟਣ ਕਰਕੇ ਸਾਰੀ ਮਿਹਨਤ ਉੱਤੇ ਵੀ ਪਾਣੀ ਫਿਰ ਗਿਆ। ਪਾਣੀ ਵਿੱਚ ਉਸ ਦੀਆਂ ਮੋਟਰਾਂ ਵੀ ਡੁੱਬ ਗਈਆਂ। ਕਿਸਾਨ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਵਿੱਚ ਵੀ ਇਹ ਨਹਿਰ ਟੁੱਟੀ ਸੀ ਪਰ ਨਹਿਰੀ ਵਿਭਾਗ ਨੇ ਇਸ ਨਹਿਰ ਨੂੰ ਸਹੀ ਤਰੀਕੇ ਨਾਲ ਨਹੀਂ ਬੰਨ੍ਹਿਆ।
ਕਿਸਾਨ ਭੋਜਰਾਜ, ਜੋਤੀ, ਸੁਰਿੰਦਰ, ਵਿਨੋਦ, ਹੇਤਰਾਮ ਤੇ ਰਾਜੂ ਨੇ ਨਹਿਰ ਵਿੱਚ ਝਾੜੀਆਂ ਨੂੰ ਟਰੈਕਟਰ ਰਾਹੀਂ ਬਾਹਰ ਕੱਢਿਆ। ਕਿਸਾਨਾ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।
ਇਸ ਸਬੰਧੀ ਨਹਿਰੀ ਵਿਭਾਗ ਦੇ ਜੇਈ ਹਨੂੰਮਾਨ ਨੇ ਦੱਸਿਆ ਕਿ ਲੰਘੀ ਰਾਤ ਬੇਲਦਾਰ ਨੂੰ ਇਸ ਬਾਰੇ ਫੋਨ ਆਇਆ ਸੀ ਪਰ ਵੱਡੀ ਨਹਿਰ ਦੇ ਟੁੱਟਣ ਦਾ ਖਤਰਾ ਹੋਣ ਕਰਕੇ ਸਾਰਾ ਸਟਾਫ ਉੱਥੇ ਮੌਜੂਦ ਸੀ।
ਉਨ੍ਹਾਂ ਦੱਸਿਆ ਕਿ ਹੋਰਨਾ ਕਈ ਨਹਿਰਾਂ ਵਿੱਚ ਵੀ ਦਰੱਖਤ ਡਿੱਗੇ ਹੋਏ ਹਨ। ਦਰੱਖਤਾਂ ਨੂੰ ਨਹਿਰ ’ਚੋਂ ਕੱਢਣ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।