ਪਵਨ ਗੋਇਲ
ਭੁੱਚੋ ਮੰਡੀ, 4 ਮਈ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚੋਂ ਰਾਖ ਚੁੱਕਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਟਰੈਕਟਰ ਟਰਾਲੀ ਐਸੋਸੀਏਸ਼ਨ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਅੱਜ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਥਰਮਲ ਦੇ ਮੁੱਖ ਗੇਟ ਨੇੜੇ ਟਰੱਕ ਅਪਰੇਟਰ ਯੂਨੀਅਨ ਭੁੱਚੋ ਮੰਡੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਹਾਲਤ ਵਿੱਚ ਟਰੱਕ ਯੂਨੀਅਨ ਨੂੰ ਆਪਣਾ ਰੁਜ਼ਗਾਰ ਨਹੀਂ ਖੋਹਣ ਦੇਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕ੍ਰਾਂਤੀਕਾਰੀ, ਸਿੱਧੂਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਸਣੇ ਇਨਕਲਾਬੀ ਕੇਂਦਰ ਪੰਜਾਬ ਨੇ ਟਰਾਲੀ ਯੂਨੀਅਨ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਜਗਜੀਤ ਸਿੰਘ ਲਹਿਰਾ, ਟਰਾਲੀ ਯੂਨੀਅਨ ਦੇ ਸਰਪਰਸਤ ਪੂਰਨ ਸਿੰਘ ਅਤੇ ਪ੍ਰਧਾਨ ਪ੍ਰਿਥੀ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਰੀਬ 25 ਸਾਲਾਂ ਤੋਂ ਥਰਮਲ ਵਿੱਚੋਂ ਰਾਖ ਚੁੱਕਣ ਦਾ ਕੰਮ ਕਰ ਰਹੇ ਹਨ। ਇਸ ਧੰਦੇ ਨਾਲ ਲਹਿਰਾ ਮੁਹੱਬਤ ਸਣੇ ਆਸਪਾਸ ਦੇ ਪਿੰਡਾਂ ਦੇ ਸੈਂਕੜੇ ਜਿਮੀਂਦਾਰਾਂ ਆਦਿ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਵੱਡੇ ਕਾਰੋਬਾਰੀ ਟਰੱਕ ਅਪਰੇਟਰ ਇੱਕ ਛੋਟੇ ਜਿਹੇ ਟਰਾਲੀ ਚਾਲਕਾਂ ਦਾ ਕਾਰੋਬਾਰ ਖੋਹਣ ਲਈ ਜੱਦੋ-ਜਹਿਦ ਕਰ ਰਹੇ ਹਨ। ਉਹ ਕਿਸੇ ਵੀ ਕੀਮਤ ’ਤੇ ਟਰੱਕਾਂ ਵਾਲਿਆਂ ਨੂੰ ਥਰਮਲ ਵਿੱਚੋਂ ਰਾਖ ਨਹੀਂ ਭਰਨ ਦੇਣਗੇ।
ਉਨ੍ਹਾਂ ਕਿਹਾ ਕਿ ਭਲਕੇ 2 ਵਜੇ ਹਲਕਾ ਵਿਧਾਇਕ ਨੇ ਦੋਵੇਂ ਧਿਰਾਂ ਨਾਲ ਮੀਟਿੰਗ ਤੈਅ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਟਰਾਲੀ ਚਾਲਕਾਂ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੋਈ ਵੱਡਾ ਅਤੇ ਤਿੱਖਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਇਸ ਲਈ ਜ਼ਿੰਮੇਵਾਰ ਟਰੱਕ ਅਪਰੇਟਰ ਯੂਨੀਅਨ ਹੋਵੇਗੀ।