ਪਵਨ ਗੋਇਲ
ਭੁੱਚੋ ਮੰਡੀ, 13 ਜੂਨ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਮਿੱਲ ਸਾਈਟ ਵਿੱਚ ਅੱਜ ਸਵੇਰੇ ਕੰਟਰੈਕਟ ਮੁਲਾਜ਼ਮ ’ਤੇ ਭਾਫ ਪੈ ਗਈ ਜਿਸ ਕਾਰਨ ਉਹ 45 ਫੀਸਦ ਝੁਲਸ ਗਿਆ। ਭਾਫ ਦਾ ਜ਼ਿਆਦਾ ਅਸਰ ਉਸ ਦੇ ਮੂੰਹ, ਛਾਤੀ ਤੇ ਹੱਥ ਉੱਤੇ ਪਿਆ ਜਦੋਂ ਕਿ ਲੱਤਾਂ ਵੀ ਭਾਫ ਦੀ ਲਪੇਟ ਵਿੱਚ ਆ ਗਈਆਂ। ਮੁਲਾਜ਼ਮ ਨੂੰ ਪਹਿਲਾਂ ਰਾਮਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੋਂ ਉਸ ਨੂੰ ਆਦੇਸ਼ ਹਸਪਤਾਲ ਸ਼ਿਫਟ ਕੀਤਾ ਗਿਆ ਅਤੇ ਅਖੀਰ ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂ ਹਰਬੰਸ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਪਰਵਿੰਦਰ ਸਿੰਘ ਵਾਸੀ ਮਹਿਰਾਜ ਕੋਲਾ ਪੀਸਣ ਵਾਲੀ ਮਿੱਲ ਸਾਈਟ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਪਾਈਪਾਂ ਵਿੱਚੋਂ ਸਟੀਮ ਲੀਕ ਹੋ ਰਹੀ ਸੀ। ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਹ ਬੋਰਡ ਦੇ ਅਧਿਕਾਰੀਆਂ ਨੂੰ ਕਹਿ ਕੇ ਸਟੀਮ ਬੰਦ ਕਰਵਾ ਦੇਵੇ। ਉਸ ਦੇ ਸਾਥੀ ਨੇ ਸਟੀਮ ਬੰਦ ਕਰਨ ਦਾ ਸੁਨੇਹਾ ਦੇਣ ਮੌਕੇ ਅਧਿਕਾਰੀਆਂ ਨੂੰ ਇਹ ਨਹੀਂ ਦੱਸਿਆ ਕਿ ਪਰਵਿੰਦਰ ਸਿੰਘ ਅੰਦਰ ਹੀ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਟੀਮ ਬੰਦ ਕਰਨ ਸਮੇਂ ਪਹਿਲਾਂ ਸਟੀਮ ਵਾਲਵ ਖੋਲ੍ਹਣਾ ਪੈਂਦਾ ਹੈ। ਜਦੋਂ ਅਧਿਕਾਰੀਆਂ ਨੇ ਸਟੀਮ ਵਾਲਵ ਖੋਲ੍ਹਿਆ ਤਾਂ ਪਹਿਲਾਂ ਤੋਂ ਹੀ ਅੰਦਰ ਮੌਜੂਦ ਪਰਵਿੰਦਰ ਸਿੰਘ ਭਾਫ਼ ਕਾਰਨ ਝੁਲਸ ਗਿਆ। ਇਸ ਸਬੰਧੀ ਗੱਲਬਾਤ ਕਰਨ ਲਈ ਥਰਮਲ ਦੇ ਚੀਫ਼ ਇੰਜਨੀਅਰ ਐੱਮਐੱਸ ਧੀਮਾਨ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।