ਪੱਤਰ ਪ੍ਰੇਰਕ
ਦੋਦਾ, 21 ਅਗਸਤ
ਹਰੀਕੇ ਕਲਾਂ ਦੀ ਪੰਚਾਇਤ ਵੱਲੋਂ ਦੂਜੇ ਦਿਨ ਵੀ ਪਿੰਡ ਦੇ ਗੁਰੂਘਰ ਨੇੜੇ ਭਾਗਾਂ ਵਾਲੇ ਛੱਪੜ ਦੇ ਕਿਨਾਰੇ ਪੰਜਾਬ ਸਰਕਾਰ ਅਤੇ ਪੰਚਾਇਤ ਪ੍ਰਬੰਧਕਾਂ ਖ਼ਿਲਾਫ਼ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਰੋਸ ਧਰਨਾ ਲਾਇਆ ਗਿਆ। ਪੰਚਾਇਤ ਅਤੇ ਪਿੰਡ ਵਾਸੀਆਂ ਦੀ ਮੰੰਗ ਹੈ ਕਿ ਪੰਚਾਇਤ ਦੇ ਖਾਤੇ ਵਿੱਚ ਪਿਛਲੇ ਢਾਈ ਸਾਲ ਤੋਂ ਪਿਆ 80 ਲੱਖ ਰੁਪਿਆ ਫੰਡ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਲਈ ਖਰਚਿਆ ਜਾਵੇ। ਉਨ੍ਹਾਂ ‘ਆਪ’ ਸਰਕਾਰ ਦੇ ਆਗੂਆਂ ਖਿਲਾਫ ਸਿਆਸੀ ਰੰਜਿਸ਼ ਰੱਖਣ ਦਾ ਦੋਸ਼ ਲਾਉਦਿਆਂ ਸਰਕਾਰ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਦੋ ਦਿਨ ਬੀਤ ਜਾਣ ’ਤੇ ਵੀ ਪ੍ਰਸ਼ਾਸ਼ਨ ਦੇ ਕਿਸੇ ਅਧਿਕਾਰੀ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਕੋਈ ਸੰਪਰਕ ਜਾਂ ਮਿਲਣ ਦੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਜਲਦੀ ਵੱਡਾ ਇਕੱਠ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਧਰ ਬੀਡੀਪੀਓ ਕੇਵਲ ਕੁਮਾਰ ਗੋਇਲ ਮੁਕਤਸਰ ਨੇ ਕਿਹਾ ਕਿ ਉਨ੍ਹਾਂ ਨੇ ਹੁਣੇ ਅਹੁਦਾ ਸੰਭਾਲਿਆ ਹੈ ਪਰ ਫਿਰ ਵੀ ਅਧੂਰੇ ਕੰਮ ਅਤੇ ਨਵੇਂ ਕੰਮ ਜਲਦੀ ਸ਼ੁਰੂ ਕੀਤੇ ਜਾਣਗੇ।