ਪਰਮਜੀਤ ਸਿੰਘ
ਫਾਜ਼ਿਲਕਾ, 20 ਅਕਤੂਬਰ
ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਸਲੇਮਸ਼ਾਹ ਬਾਜ਼ਾਰ ’ਚ ਕਰਿਆਨੇ ਦੀ ਦੁਕਾਨ ਦਾ ਮੇਨ ਸ਼ਟਰ ਤੋੜ ਕੇ ਕੁਝ ਵਿਅਕਤੀ ਦੁਕਾਨ ’ਚ ਦਾਖ਼ਲ ਹੋਏ ਤੇ ਉਨ੍ਹਾਂ ਗੱਲੇ ’ਚ ਪਈ ਨਗਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਪ੍ਰਦੀਪ ਨਾਰੰਗ ਨੇ ਦੱਸਿਆ ਕਿ ਚੋਰ ਦੁਕਾਨ ਨਗਦੀ ਅਤੇ ਸਾਮਾਨ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਦੀਆਂ ਕਈ ਥਾਵਾਂ ਤੋਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ। ਇਸ ਤਰ੍ਹਾਂ ਆਰੀਆ ਸਮਾਜ ਰੋਡ ’ਤੇ ਕਰਿਆਨੇ ਦੇ ਥੋਕ ਵਿਕ੍ਰੇਤਾ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਜਿਥੋਂ ਉਨ੍ਹਾਂ ਦੁਕਾਨ ਦੇ ਅੰਦਰ ਪਈ ਨਗਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਗਗਨਦੀਪ ਨਰੂਲਾ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਪਤਾ ਉਸ ਨੂੰ ਅੱਜ ਸਵੇਰੇ ਲੱਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ’ਚ ਪਈ ਲਗਪਗ 5 ਹਜ਼ਾਰ ਰੁਪਏ ਦੀ ਨਗਦੀ, ਸਾਮਾਨ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਹੋ ਗਏ ਹਨ। ਇਸ ਤਰ੍ਹਾਂ ਚੋਰਾਂ ਨੇ ਟਰਾਂਸਪੋਰਟ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਅਤੇ ਚੋਰ ਉਥੇ ਪਈ ਨਗਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਵਿਕਾਸ ਮਹਿੰਦਰੂ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ’ਚੋਂ ਚੋਰ 10 ਤੋਂ 12 ਹਜ਼ਾਰ ਰੁਪਏ ਦੀ ਨਗਦੀ ਲੈ ਗਏ ਹਨ। ਇਸ ਸਬੰਧੀ ਥਾਣਾ ਸਿਟੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।