ਪਵਨ ਗੋਇਲ
ਭੁੱਚੋ ਮੰਡੀ, 16 ਅਪਰੈਲ
ਭਾਕਿਯੂ ਉਗਰਾਹਾਂ ਦੀ ਅਗਵਾਈ ਹੇਠ ਸੰਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੇ ਮੋਹਤਬਰਾਂ ਨੇ ਖੇਤੀ ਮੋਟਰ ਦਾ ਦਰਵਾਜ਼ਾ ਚੋਰੀ ਕਰਨ ਵਾਲੇ ਇੱਕ ਲੜਕੇ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ। ਇਸ ਮੌਕੇ ਉਨ੍ਹਾਂ ਭੁੱਚੋ ਪੁਲੀਸ ਚੌਕੀ ਦੇ ਇੰਚਾਰਜ ਪਰਬਤ ਸਿੰਘ ਨੂੰ ਇੱਕ ਏਐਸਆਈ ਵੱਲੋਂ ਉਨ੍ਹਾਂ ਨਾਲ ਦੋ ਵਾਰ ਦੁਰਵਿਹਾਰ ਕੀਤੇ ਜਾਣ ਦੇ ਦੋਸ਼ ਲਾਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਖਜ਼ਾਨਚੀ ਜਗਜੀਤ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਚੋਰਾਂ ਅਤੇ ਚਿੱਟੇ ਦੇ ਵਪਾਰੀਆਂ ਨੂੰ ਨੱਥ ਪਾਉਣ ਲਈ ਪਿੰਡ ਵਾਸੀ ਪੁਲੀਸ ਚੌਕੀ ਅੱਗੇ ਕਈ ਵਾਰ ਧਰਨੇ ਲਗਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਚੋਰੀ ਹੋਇਆ ਗੇਟ ਪੁਲੀਸ ਨੇ ਬਰਾਮਦ ਕਰ ਲਿਆ ਹੈ, ਪਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਚੌਕੀ ਇੰਚਾਰਜ ਪਰਬਤ ਸਿੰਘ ਨੇ ਕਿਹਾ ਕਿ ਗੇਟ ਬਰਾਮਦ ਹੋ ਗਿਆ ਹੈ, ਪਰ ਕਥਿਤ ਦੋਸ਼ੀ ਹੱਥ ਨਹੀਂ ਲੱਗਿਆ। ਏਐੱਸਆਈ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਕੋਈ ਦੁਰਵਿਹਾਰ ਨਹੀਂ ਕੀਤਾ। ਪਿੰਡ ਵਾਸੀਆਂ ਨੂੰ ਸਿਰਫ਼ ਇੰਨਾ ਕਿਹਾ ਸੀ ਕਿ ਉਹ ਆਪਣੇ ਬਿਆਨ ਲਿਖਵਾ ਦੇਣ ਤੇ ਉਹ ਕੇਸ ਦਰਜ ਕਰ ਕੇ ਕਥਿਤ ਦੋਸ਼ੀਆਂ ਨੂੰ ਲੈ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਰਿਕਵਰੀ ਬਿਨਾਂ ਕਿਸੇ ’ਤੇ ਕੇਸ ਦਰਜ ਨਹੀਂ ਕੀਤੀ ਜਾ ਸਕਦੀ।