ਲਖਵਿੰਦਰ ਸਿੰਘ
ਮਲੋਟ, 23 ਅਕਤੂਬਰ
ਬਾਬਾ ਦੀਪ ਸਿੰਘ ਨਗਰ ਦੇ ਬਸ਼ਿੰਦਿਆਂ ਨੇ ਰਾਤਾਂ ਨੂੰ ਪਹਿਰਾ ਦਿੰਦਿਆਂ ਆਖਰ ਉਨ੍ਹਾਂ ਚੋਰਾਂ ਨੂੰ ਇੱਕ ਪਿਸਤੌਲ, ਦਰਜਨਾਂ ਮੋਬਾਈਲ ਤੇ ਹੋਰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ, ਜੋ ਪਿਛਲੇ ਲਗਭਗ ਇੱਕ ਮਹੀਨੇ ਤੋਂ ਲਗਾਤਾਰ ਉਨ੍ਹਾਂ ਦੇ ਵਾਰਡ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ’ਚ ਚੋਰੀ ਦੀਆਂ ਵਾਰਦਾਤਾਂ ਅੰਜਾਮ ਦੇ ਰਹੇ ਸਨ ਅਤੇ ਜਿਨ੍ਹਾਂ ਦੀਆਂ ਤਸਵੀਰਾਂ ਗਲੀਆਂ ਦੇ ਵੱਖ ਵੱਖ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈਆਂ ਸਨ। ਇਸ ਵਾਰਡ ਦੇ ਵਸਨੀਕ ਅਤੇ ਯੂਥ ਅਕਾਲੀ ਆਗੂ ਜਗਤਾਰ ਬਰਾੜ, ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਮੁਨਸ਼ੀ ਰਾਮ ਪਤੰਗਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਸਨ ਪਰ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ, ਜਿਸ ਕਰਕੇ ਉਨ੍ਹਾਂ ਵਾਰਡ ਦੇ ਬਸ਼ਿੰਦਿਆਂ ਨੂੰ ਚੌਕੰਨੇ ਕੀਤਾ ਹੋਇਆ ਸੀ ਅਤੇ ਖੁਦ ਵੀ ਨਿਗਰਾਨੀ ਕਰਦੇ ਸਨ। ਕੱਲ ਰਾਤ ਕਰੀਬ 2 ਵਜੇ ਜਦ ਉਨ੍ਹਾਂ ਨੂੰ ਚੋਰ ਦਿਖਾਈ ਦਿੱਤੇ ਤਾਂ ਉਨ੍ਹਾਂ ਚੋਰਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਘਰ ਦੇਖ ਲਿਆ। ਦਿਨ ਚੜ੍ਹਦੇ ਹੀ ਵਾਰਡ ਦੇ ਹੋਰ ਮੋਹਤਬਰਾਂ ਨੂੰ ਲੈ ਕੇ ਉਸ ਦੇ ਘਰ ਪਹੁੰਚੇ ਪਰ ਉਹ ਕੁਝ ਵੀ ਨਹੀਂ ਮੰਨੇ। ਉਨ੍ਹਾਂ ਉੱਥੇ ਪਏ ਇੱਕ ਬੈਗ ਦੀ ਜਾਂਚ ਕੀਤੀ ਤਾਂ ਵਿਚੋਂ ਇੱਕ ਪਿਸਤੌਲ, ਅਫੀਮ, ਦਰਜਨ ਦੇ ਕਰੀਬ ਮੋਬਾਈਲ ਤੇ ਨਗਦੀ ਮਿਲੀ ਹੈ। ਉਧਰ ਇਸ ਬਾਰੇ ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਵਿਸ਼ਨ ਲਾਲ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਬਰੀਕੀ ਨਾਲ ਮਾਮਲੇ ਦੀ ਛਾਣਬੀਨ ਕਰਨਗੇ ।