ਜਸਵੰਤ ਜੱਸ
ਫ਼ਰੀਦਕੋਟ, 22 ਫਰਵਰੀ
ਕਿਰਤੀ ਕਿਸਾਨ ਯੂਨੀਅਨ ਦਿੱਲੀ ਜੇਲ੍ਹ ’ਚ ਬੰਦ ਕਿਸਾਨਾਂ ਦੀ ਰਿਹਾਈ, ਮੁਕੱਦਮੇ ਰੱਦ ਕਰਾਉਣ ਅਤੇ ਟਰੈਕਟਰਾਂ ਦੇ ਮਾਲਕ ਕਿਸਾਨਾਂ ਨੂੰ ਦਿੱਲੀ ਪੁਲੀਸ ਵੱਲੋਂ ਨੋਟਿਸ ਭੇਜਣ ਖ਼ਿਲਾਫ਼ 24 ਫਰਵਰੀ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਜ਼ਿਲ੍ਹਾ ਤੇ ਤਹਿਸੀਲ ਕੇਦਰਾਂ ’ਤੇ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕਰੇਗੀ। ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪਿੰਡਾਂ ਵਿੱਚ ਜਾਗਰੂਕ ਰੈਲੀਆਂ ਕੀਤੀਆਂ।
ਆਗੂਆਂ ਨੇ ਕਿਹਾ ਕਿ ਦਿੱਲੀ ਪੁਲੀਸ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਨੋਟਿਸ ਕੱਢ ਰਹੀ ਹੈ ਪਰ ਕਿਰਤੀ ਡਰਨ ਵਾਲੇ ਨਹੀਂ ਹਨ। ਰਜਿੰਦਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿੱਥੇ ਜੇਲ੍ਹਾਂ ’ਚ ਬੰਦ ਕਿਸਾਨਾਂ ਦੀ ਕਾਨੂੰਨੀ ਲੜਾਈ ਲੜ ਰਿਹਾ, ਉੱਥੇ ਹੀ ਸੰਘਰਸ਼ ਦੇ ਮੈਦਾਨ ’ਚ ਵੀ ਨਿੱਤਰ ਰਿਹਾ ਹੈ। ਹੁਣ ਤੱਕ 45 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ ਬਾਕੀਆਂ ਦੀ ਵੀ ਜਲਦੀ ਜ਼ਮਾਨਤ ਹੋ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰੀ ਜਬਰ ਖ਼ਿਲਾਫ਼ ਲੋਕ ਡਟੇ ਰਹਿਣਗੇ।
ਸ੍ਰੀ ਢੁੱਡੀਕੇ ਨੇ ਕਿਹਾ ਕਿ ਸਰਕਾਰ ਸੋਚਦੀ ਹੈ ਕਿ ਕਣਕ ਦੀ ਵਾਢੀ ਵੇਲੇ ਦਿੱਲੀ ਮੋਰਚਾ ਕਮਜ਼ੋਰ ਪੈ ਜਾਵੇਗਾ ਪਰ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਰਤੀ ਇੰਨੇ ਸੌਖਿਆਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਵਾਢੀ ਦੌਰਾਨ ਮੋਰਚੇ ਚਲਦੇ ਰੱਖਣ ਲਈ ਯੋਜਨਾ ਤਿਆਰ ਹੈ। ਇਸ ਵਿਚ ਨੌਜਵਾਨ ਵੱਡੀ ਭੂਮਿਕਾ ਅਦਾ ਕਰਨਗੇ।
ਪਿੰਡ ਮਹਿਮਾ ਸਰਕਾਰੀ ਤੋਂ ਦਿੱਲੀ ਲਈ ਜਥਾ ਰਵਾਨਾ
ਗੋਨਿਆਣਾ ਮੰਡੀ (ਮਨੋਜ ਸ਼ਰਮਾ):ਬਠਿੰਡਾ ਜ਼ਿਲ੍ਹਾ ਦਾ ਪਿੰਡ ਮਹਿਮਾ ਸਰਕਾਰੀ ਵਾਸੀ ਕੇਂਦਰ ਸਰਕਾਰ ਦੀ ਨੀਤੀਆਂ ਖ਼ਿਲਾਫ਼ ਡਟੇ ਹੋਏ ਹਨ। ਅੱਜ ਪਿੰਡ ਦੇ ਗੁਰੂ ਘਰ ਤੋਂ ਅਰਦਾਸ ਕਰਨ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਨੇ ਦਿੱਲੀ ਮੋਰਚੇ ਲਈ 5ਵਾਂ ਜਥਾ ਰਵਾਨਾ ਕੀਤਾ। ਇਸ ਮੌਕੇ ਦਿੱਲੀ ਜਾਣ ਵਾਲੇ ਬੀਕੇਯੂ ਉਗਰਾਹਾਂ ਦੇ ਮੈਂਬਰਾਂ ਮਲਕੀਤ ਸਿੰਘ, ਗੁਰਚਰਨ ਸਿੰਘ ਸੇਖੋਂ, ਚਰਨਜੀਤ ਸਿੰਘ ਬਰਾੜ, ਜਗਸੀਰ ਸਿੰਘ ਸੇਖੋਂ, ਨੀਲੂ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਇਹ ਯੋਗਦਾਨ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਕਿਰਤੀ ਮੋਦੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦੇਣਗੇ। ਪਿੰਡ ਵੱਲੋਂ ਦੁੱਧ ਤੋਂ ਇਲਾਵਾ ਹੋਰ ਖਾਣ-ਪੀਣ ਦਾ ਸਾਮਾਨ ਵੀ ਭੇਜਿਆ ਗਿਆ। ਇਸ ਮੌਕੇ ਬੀਕੇਯੂ ਦੇ ਝੰਡੇ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਕਿਸਾਨ ਦਿੱਲੀ ਲਈ ਰਵਾਨਾ ਹੋਏ।