ਸ਼ਗਨ ਕਟਾਰੀਆ
ਜੈਤੋ, 16 ਮਈ
ਨਗਰ ਕੌਂਸਲ ਜੈਤੋ ਦੇ ਸੱਤਾ ਵਿਰੋਧੀ ਕੌਂਸਲਰਾਂ ਦੀਆਂ ਖੁੱਲ੍ਹੇਆਮ ਦੋਫ਼ਾੜ ਕਾਂਗਰਸ ਦੇ ਖੇਮਿਆਂ ਨਾਲ ਪਈਆਂ ‘ਜੱਫੀਆਂ’ ਦੀ ਸ਼ਹਿਰ ’ਚ ਚਰਚਾ ਭਖ਼ੀ ਹੋਈ ਹੈ। ਚੋਣਾਂ ਮੌਕੇ ਗਰਮਾ-ਗਰਮ ਭਾਸ਼ਣਾਂ ਨਾਲ ਲੋਕਾਂ ਨੂੰ ਆਪਣੇ ਰਾਜਸੀ ਵਿਰੋਧੀਆਂ ਖ਼ਿਲਾਫ਼ ਉਤੇਜਿਤ ਕਰਨ ਵਾਲਿਆਂ ਦੀ ਅਸਲੀਅਤ ਸਾਹਮਣੇ ਆਉਣ ’ਤੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣ ਗੁਬਾਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕ ਲਿਖ਼ ਰਹੇ ਹਨ ਕਿ ‘ਬਗਲਗੀਰੀ ਵਾਲਾ ਰੋਗ ਸੰਸਦ ਮੈਂਬਰਾਂ ਤੇ ਵਿਧਾਇਕਾਂ ਤੋਂ ਖਿਸਕ ਕੇ ਹੇਠਾਂ ਤੱਕ ਰਿਸਾਈ ਕਰ ਗਿਆ ਹੈ।’ ਕਾਂਗਰਸ ਦੀ ਆਪਸੀ ਫੁੱਟ ਦੇ ਨਤੀਜੇ ਕੌਂਸਲ ਚੋਣਾਂ ’ਚ ਆਏ ਸਨ। ਸ਼ਹਿਰ ਦੇ ਕੁੱਲ 17 ਵਾਰਡਾਂ ’ਚੋਂ ਕਾਂਗਰਸ ਦੇ 7, ਅਕਾਲੀ ਦਲ ਦੇ 3, ਆਜ਼ਾਦ 3, ਆਮ ਆਦਮੀ ਪਾਰਟੀ ਦੇ 2 ਅਤੇ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜਨ ਵਾਲੇ 2 ਕੌਂਸਲਰ ਜੇਤੂ ਰਹੇ ਸਨ। ਕਾਂਗਰਸ ਦੇ ਦੋਵਾਂ ਖੇਮਿਆਂ ਵੱਲੋਂ ਪ੍ਰਧਾਨਗੀ ਆਪਣੇ ਖੇਮੇ ’ਚ ਖਿਸਕਾਉਣ ਲਈ ਢਾਈ ਮਹੀਨੇ ਖਿੱਚੋਤਾਣ ਚੱਲੀ। ਇਸ ਦੌਰਾਨ ਅਕਾਲੀ, ਭਾਜਪਾਈ ਤੇ ‘ਆਪ’ ਦੇ ਕੌਂਸਲਰ ਦੋਵਾਂ ਖੇਮਿਆਂ ’ਚ ਖੁੱਲ੍ਹੇ ਰੂਪ ’ਚ ਸਜ ਗਏ।
ਲੋਕਾਂ ਦੀ ਜ਼ੁਬਾਨ ’ਤੇ ‘ਖ਼ਰੀਦੋ-ਫ਼ਰੋਖ਼ਤ’ ਦੀ ਚਰਚਾ ਖੂਬ ਰਹੀ। ਅਖੀਰ 7 ਮਈ ਨੂੰ ਪ੍ਰਧਾਨਗੀ ਦੀ ਚੋਣ ਵਾਲੇ ਦਿਨ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਜੈਤੋ ਆਏ। ਕਾਂਗਰਸ ਦੇ ਸੂਬਾਈ ਆਗੂ ਮਨਜੀਤ ਸਿੰਘ ਝਲਬੂਟੀ ਕਾਂਗਰਸ ਹਾਈ ਕਮਾਂਡ ਦਾ ‘ਲਿਫ਼ਾਫ਼ਾ’ ਲੈ ਕੇ ਆਏ। ਵਿੱਚੋਂ ਨਿੱਕਲੀ ਸੂਚੀ ਮੁਤਾਬਿਕ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖੇਮੇ ਦੇ ਸੁਰਜੀਤ ਸਿੰਘ ਬਾਬਾ ਪ੍ਰਧਾਨ, ਜਤਿੰਦਰ ਬਾਂਸਲ ਮੀਤ ਪ੍ਰਧਾਨ ਅਤੇ ਸਾਂਸਦ ਮੁਹੰਮਦ ਸਦੀਕ ਧੜੇ ਦੇ ਸੁਮਨ ਦੇਵੀ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ। ‘ਆਪ’ ਦੇ ਦੋ ਕੌਂਸਲਰ ਖੁੱਲ੍ਹ ਕੇ ਸ੍ਰੀ ਬਾਬਾ ਦੇ ਹੱਕ ’ਚ ਨਿੱਤਰੇ। ਪ੍ਰਧਾਨਗੀ ਦੀ ਦਾਅਵੇਦਾਰ ਸੀਨੀਅਰ ਮੀਤ ਪ੍ਰਧਾਨ ਸੁਮਨ ਦੇਵੀ ਨੇ ਚੋਣ ਵਾਲੇ ਕਮਰੇ ਤੋਂ ਬਾਹਰ ਆ ਕੇ ਰੋਸ ਜਤਾਇਆ ਕਿ ਉਸ ਨੂੰ ਅਕਾਲੀ ਦਲ, ਭਾਜਪਾ ਤੇ ਆਜ਼ਾਦਾਂ ਸਮੇਤ 11 ਕੌਂਸਲਰਾਂ ਦੀ ਹਮਾਇਤ ਸੀ। ਸੁਮਨ ਦੇਵੀ ਦੇ ਨਾਲ ਖੜ੍ਹੇ ਅਕਾਲੀ ਦਲ, ਭਾਜਪਾ ਤੇ ਆਜ਼ਾਦ ਸਮਰਥਕ ਕੌਂਸਲਰਾਂ ਨੇ ਵੀ ਇਸ ਦੀ ਡਟਵੇਂ ਰੂਪ ’ਚ ਪ੍ਰੋੜ੍ਹਤਾ ਕੀਤੀ। ਸਾਰਿਆਂ ਦੀ ਹਾਜ਼ਰੀ ’ਚ ਮੁਹੰਮਦ ਸਦੀਕ ਖੇਮੇ ਦੇ ਆਗੂਆਂ ਨੇ ਪਹਿਲੀ ਚੋਣ ਤੋਂ ਇਨਕਾਰੀ ਹੁੰਦਿਆਂ, ਕ੍ਰਮਵਾਰ ਸੁਮਨ ਦੇਵੀ ਅਤੇ ਰਜਨੀ ਦੇਵੀ ਨੂੰ ਮੁਤਵਾਜ਼ੀ ਪ੍ਰਧਾਨ ਤੇ ਮੀਤ ਪ੍ਰਧਾਨ ਐਲਾਨ ਦਿੱਤਾ। ਬਾਅਦ ’ਚ ਮੁਹੰਮਦ ਸਦੀਕ ਅਤੇ ਕੁਸ਼ਲਦੀਪ ਢਿੱਲੋਂ ਦਰਮਿਆਨ ਚਿਰੋਕਣੀ ਚੱਲਦੀ ਠੰਢੀ ਜੰਗ ਵਲਗਣਾਂ ਪਾਰ ਕਰਕੇ ਮੀਡੀਆ ’ਚ ਆ ਗਈ ਅਤੇ ਖੁੱਲ੍ਹੇਆਮ ਦੋਸ਼/ਪ੍ਰਤੀ ਦੋਸ਼ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਮੁਹੰਮਦ ਸਦੀਕ ਵੱਲੋਂ ਉਨ੍ਹਾਂ ਦੇ ਹਲਕੇ ’ਚ ਕੁਸ਼ਲਦੀਪ ਢਿੱਲੋਂ ਵੱਲੋਂ ਕੀਤੀ ‘ਬਾਹਰੀ ਦਖ਼ਲਅੰਦਾਜ਼ੀ’ ਦਾ ਮਾਮਲਾ ਪਾਰਟੀ ਹਾਈਕਮਾਂਡ ਕੋਲ ਉਠਾਇਆ ਗਿਆ। ਇਸ ਦੇ ਨਾਲ ਹੀ ਸੁਮਨ ਦੇਵੀ ਅਤੇ ਉਨ੍ਹਾਂ ਦੇ ਸਹਿਯੋਗੀ ਐਮ.ਸੀ. ‘ਬਹੁਗਿਣਤੀ’ ਹੋਣ ਦਾ ਦਾਅਵਾ ਲੈ ਕੇ ਹਾਈ ਕੋਰਟ ਚਲੇ ਗਏ। ਕੋਰਟ ਨੇ ਸ਼ਰੀਕ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 19 ਮਈ ’ਤੇ ਪਾ ਦਿੱਤੀ।