ਸ਼ਗਨ ਕਟਾਰੀਆ
ਜੈਤੋ, 4 ਜੁਲਾਈ
ਬੀਤੇ ਦਿਨੀਂ ਭੇਤਭਰੀ ਹਾਲਤ ਵਿਚ ਨੌਜਵਾਨ ਦੀ ਹੋਈ ਮੌਤ ਦਾ ਰਾਜ਼ ਪੁਲੀਸ ਨੇ ਖੋਜ ਲਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਕੇਸ ਦਰਜ ਕਰਕੇ ਇਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਆਈਏ ਸਟਾਫ਼ ਜੈਤੋ ਦੇ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਪਹਿਲੀ ਜੁਲਾਈ ਨੂੰ ਪਿੰਡ ਬਾਜਾਖਾਨਾ ਦੇ 21 ਸਾਲਾ ਨੌਜਵਾਨ ਗੁਰਿੰਦਰਪਾਲ ਸਿੰਘ ਗੋਲੂ ਦੀ ਲਾਸ਼ ਸ਼ਹਿਰੀ ਖੇਤਰ ’ਚੋਂ ਬਰਾਮਦ ਹੋਈ ਸੀ, ਜੋ 30 ਜੂਨ ਤੋਂ ਲਾਪਤਾ ਸੀ। ਮਿ੍ਤਕ ਦੇ ਪਿਤਾ ਮੋਹਣ ਸਿੰਘ ਨੇ ਲਾਸ਼ ਦੀ ਸ਼ਨਾਖ਼ਤ ਸਮੇਂ ਮੌਤ ਦਾ ਕਾਰਣ ਦਿਲ ਦਾ ਦੌਰਾ ਮਹਿਸੂਸ ਕਰਦਿਆਂ ਧਾਰਾ 174 ਤਹਿਤ ਪੁਲੀਸ ਕਾਰਵਾਈ ਕਰਵਾਈ ਸੀ। ਅਸਲ ਮਾਮਲਾ ਉਦੋਂ ਬੇਪਰਦ ਹੋਇਆ ਜਦੋਂ ਘਟਨਾ ਦੇ ਚਸ਼ਮਦੀਦ ਗਵਾਹ ਅਤੇ ਬਾਜਾਖਾਨਾ ਦੇ ਸਾਬਕਾ ਸਰਪੰਚ ਜਸਮੇਲ ਸਿੰਘ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਗੁਰਿੰਦਰਪਾਲ ਸਿੰਘ ਬਾਜਾਖਾਨਾ ਦੇ ਹੀ ਕਮਲਜੀਤ ਸਿੰਘ ਨਾਲ ਇਕ ਮੋਟਰਸਾਈਕਲ ’ਤੇ ਬਾਜਾਖਾਨਾ ਤੋਂ ਜੈਤੋ ਆਏ ਸਨ। ਉਨ੍ਹਾਂ ਛੱਜਘਾੜਾ ਮੁਹੱਲੇ ’ਚੋਂ ਇਕ ਔਰਤ ਤੇ ਪੁਰਸ਼ ਕੋਲੋਂ ਕਥਿਤ ਕੋਈ ਨਸ਼ੀਲੀ ਚੀਜ਼ ਖ਼ਰੀਦੀ ਅਤੇ ਬਾਅਦ ਵਿਚ ਇਸ ਦੀ ਵਰਤੋਂ ਹੀ ਗੁਰਿੰਦਰਪਾਲ ਦੀ ਮੌਤ ਦਾ ਕਾਰਣ ਬਣੀ। ਚਸ਼ਮਦੀਦ ਅਨੁਸਾਰ ਨਸ਼ੀਲੀ ਵਸਤੂ ਦਾ ਟੀਕਾ ਬਾਂਹ ਵਿੱਚ ਲਗਾਉਣ ਮਗਰੋਂ ਨੌਜਵਾਨ ਕੰਬਣ ਲੱਗਾ ਅਤੇ ਉਸ ਦੇ ਮੂੰਹ ’ਚੋਂ ਝੱਗ ਵਹਿਣ ਲੱਗੀ।
ਦਲਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪਿੰਡ ਬਾਜਾਖਾਨਾ ਦੇ ਕਮਲਜੀਤ ਸਿੰਘ ਪੁੱਤਰ ਹਰਬੰਸ ਲਾਲ, ਛੱਜਘਾੜਾ ਮੁਹੱਲਾ ਜੈਤੋ ਦੇ ਰਹਿਣ ਵਾਲੇ ਮਨੀਸ਼ ਉਰਫ਼ ਮਨੀ ਪੁੱਤਰ ਕੇਵਲ ਰਾਮ ਅਤੇ ਆਸ਼ਾ ਪਤਨੀ ਲਛਮਣ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਬਕਾ ਸਰਪੰਚ ਜਸਮੇਲ ਸਿੰਘ ਨੇ ਛੱਜਘਾੜਾ ਮੁਹੱਲੇ ’ਚ ਨਸ਼ਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।