ਪੱਤਰ ਪ੍ਰੇਰਕ
ਜ਼ੀਰਾ, 23 ਜੂਨ
ਏਐੱਸਆਈ ਗੁਲਸ਼ਨ ਕੁਮਾਰ ਐੱਸਟੀਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨਸ਼ਾ ਤਸਕਰਾਂ ਦੀ ਤਲਾਸ਼ੀ ਸਬੰਧੀ ਜ਼ੀਰਾ ਵਿੱਚ ਪਹੁੰਚੀ। ਏਐੱਸਆਈ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਮੁਖਬਰੀ ਦੇ ਅਧਾਰ ’ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 140 ਗ੍ਰਾਮ ਹੈਰੋਇਨ, 78 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਆਈ ਟਵੰਟੀ ਕਾਰ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਆਸ਼ੀਸ਼ ਉਰਫ ਆਸ਼ੂ ਵਾਸੀ ਮੁਹੱਲਾ ਪੀਰ ਬਖਸ਼ ਜ਼ੀਰਾ, ਜੁਗਰਾਜ ਸਿੰਘ ਉਰਫ ਜੱਗਾ ਵਾਸੀ ਢੋਲਾਂਵਾਲਾ ਚੌਂਕ ਜ਼ੀਰਾ ਅਤੇ ਲਕਸ਼ੇ ਗਰੋਵਰ ਉਰਫ ਲਕਸ਼ ਵਾਸੀ ਮੁੱਹਲਾ ਪੀਰ ਬਖਸ਼ ਜ਼ੀਰਾ ਵਜੋਂ ਹੋਈ ਹੈ, ਜਿਨ੍ਹਾਂ ਦੇ ਖ਼ਿਲਾਫ਼ ਮੁਹਾਲੀ ਜ਼ਿਲ੍ਹਾ ਐੱਸਏਐੱਸ ਨਗਰ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ। ਪੁੱਛ-ਪੜਤਾਲ ਅਨੁਸਾਰ ਆਸ਼ੀਸ਼ ਉਰਫ ਆਸ਼ੂ ਦੀ ਪਾਰਸਲ ਡਿਲਵਰੀ ਦੀ ਦੁਕਾਨ ਜ਼ੀਰਾ ਅਤੇ ਮੱਖੂ ਵਿੱਚ ਹੈ, ਜੁਗਰਾਜ ਸਿੰਘ ਉਰਫ ਜੱਗਾ ਕੋਰੀਅਰ ਦਾ ਕੰਮ ਕਰਦਾ ਹੈ ਅਤੇ ਲਕਸ਼ੇ ਗਰੋਵਰ ਉਰਫ ਲਕਸ਼ ਬੱਚਿਆਂ ਨੂੰ ਆਇਲਟਸ ਕਰਵਾਉਣ ਦਾ ਕੰਮ ਕਰਦਾ ਹੈ। ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਮਿਲ ਕੇ ਹੈਰੋਇਨ ਦੀ ਤਸਕਰੀ ਦਾ ਨਾਜਾਇਜ਼ ਧੰਦਾ ਕਰਦੇ ਹਨ। ਉਨ੍ਹਾਂ ਪਾਸੋਂ ਫੜੀ ਗਈ 78 ਹਜ਼ਾਰ ਰੁਪਏ ਦੀ ਡਰੱਗ ਮਨੀ ਹੈਰੋਇਨ ਦੀ ਤਸਕਰੀ ਦੀ ਵਿਕਰੀ ਹੈ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।