ਇਕਬਾਲ ਸਿੰਘ ਸ਼ਾਂਤ
ਲੰਬੀ, 19 ਨਵੰਬਰ
ਪਿੰਡ ਬਾਦਲ ਨੇੜੇ ਲੰਬੀ-ਬਠਿੰਡਾ ਸੜਕ ਰੋਡ ’ਤੇ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ-ਟਰਾਲੇ ਵੱਲੋਂ ਸੜਕ ਘੇਰੇ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਤਿੰਨ ਗੱਡੀਆਂ ਦੀ ਟੱਰਕ ਹੋ ਗਈ, ਜਿਸ ਵਿੱਚ ਸਾਬਕਾ ਅਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਲੜਕੇ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਜਖ਼ਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਾਦਲ ਅਤੇ ਏਮਸ ਬਠਿੰਡਾ ਵਿੰਚ ਦਾਖ਼ਲ ਕਰਵਾਇਆ ਗਿਆ ਹੈ। ਚਸ਼ਮਦੀਦ ਮਹਿੰਦਰ ਐਕਸਯੂਵੀ ਦੇ ਚਾਲਕ ਧਰਮਿੰਦਰ ਸਿੰਘ ਅਨੁਸਾਰ ਪਰਾਲੀ ਗੱਠਾਂ ਦਾ ਲੱਦਿਆ ਟਰੈਕਟਰ-ਟਰਾਲਾ ਪਿੰਡ ਬਾਦਲ ਵਾਲੇ ਪਾਸਿਓਂ ਬਠਿੰਡਾ ਵੱਲ ਚਹੁੰ ਮਾਗਰੀ ਸੜਕ ਦਾ ਇੱਕ ਪਾਸਾ ਘੇਰ ਕੇ ਜਾ ਰਿਹਾ ਸੀ। ਉਸ ਦੇ ਪਿੱਛਿਓਂ ਆ ਰਹੀ ਮਾਰੂਤੀ ਬਰੀਜ਼ਾ ਗੱਡੀ ਦੇ ਚਾਲਕ ਨੇ ਓਵਰਟੇਕ ਲਈ ਰਸਤਾ ਨਾ ਮਿਲਣ ਕਰਕੇ ਡਿਵਾਈਡਰ ਕੱਟ ਆਉਣ ’ਤੇ ਕਾਰ ਨੂੰ ਅਚਨਚੇਤ ਕਾਹਲੀ ਨਾਲ ਸੜਕ ਦੇ ਦੂਜੇ ਪਾਸਿਓਂ ਕੱਢ ਦਿੱਤਾ। ਬਰੀਜ਼ਾ ਕਾਰ ਗ਼ਲਤ ਦਿਸ਼ਾ ਵਿੱਚ ਜਾ ਕੇ ਤੇਜ਼ ਰਫ਼ਤਾਰ ਸਾਹਮਣਿਓਂ ਬਠਿੰਡਾ ਵੱਲੋਂ ਬਾਦਲ ਪਿੰਡ ਨੂੰ ਆਉਂਦੀ ਇਨੋਵਾ ਗੱਡੀ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਤੇਜ਼ ਸੀ ਕਿ ਇਨੋਵਾ ਗੱਡੀ ਪਲਟ ਕੇ ਡਿਵਾਈਡਰ ਦੇ ਦੂਸਰੇ ਪਾਸੇ ਜਾ ਪੁੱਜੀ ਅਤੇ ਬਾਦਲ ਤੋਂ ਬਠਿੰਡਾ ਵੱਲ ਰਾਹ ਜਾਂਦੀ ਇੱਕ ਮਹਿੰਦਰ ਐਕਸਯੂਵੀ ਕਾਰ ਨਾਲ ਟਕਰਾ ਗਈ। ਇਨੋਵਾ ਗੱਡੀ ਵਿੱਚ ਸਵਾਰ ਹਰਜਿੰਦਰ ਸਿੰਘ ‘ਬੌਬੀ ਗਰਚਾ’ ਅਤੇ ਉਨ੍ਹਾਂ ਦੇ ਨਾਲ ਆਰਪੀਐੱਸ ਧਾਲੀਵਾਲ ਜਖ਼ਮੀ ਹੋ ਗਏ। ‘ਬੌਬੀ ਗਰਚਾ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਹਨ ਅਤੇ ਘਟਨਾ ਦੌਰਾਨ ਪਿੰਡ ਬਾਦਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਜਾ ਰਹੇ ਸਨ। ਬਰੀਜ਼ਾ ਕਾਰ ‘ਚ ਸਵਾਰ ਜਖ਼ਮੀ ਹੋਈ ਮਹਿਲਾ ਸੁਖਪ੍ਰੀਤ ਕੌਰ ਪਤਨੀ ਅਲਬੇਲ ਸਿੰਘ ਵਾਸੀ ਫਤੂਹੀਖੇੜਾ ਨੂੰ ਏਮਸ ਬਠਿੰਡਾ ਪਹੁੰਚਾਇਆ ਗਿਆ। ਪੁਲੀਸ ਮੁਤਾਬਕ ਬਰੀਜ਼ਾ ਕਾਰ ਨੂੰ ਜ਼ਖ਼ਮੀ ਮਹਿਲਾ ਦੀ ਨੂੰਹ ਚਲਾ ਰਹੀ ਸੀ। ਹਾਦਸੇ ’ਚ ਪਲਟੀ ਹੋਈ ਇਨੋਵਾ ਉੱਥੋਂ ਲੰਘ ਰਹੀ ਤੀਸਰੀ ਗੱਡੀ ਮਹਿੰਦਰ ਐਕਸਯੂਵੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਐਕਸਯੂਵੀ ’ਚ ਸਵਾਰ ਪੀਯੂ ਰਿਜਨਲ ਸੈਂਟਰ ਬਠਿੰਡਾ ਵਿੱਚ ਤਾਇਨਾਤ ਡਾ. ਅਨੂਪ੍ਰਿਯਾ ਆਹਲੂਵਾਲੀਆ ਵਾਸੀ ਡੱਬਵਾਲੀ ਅਤੇ ਕਾਰ ਡਰਾਈਵਰ ਧਰਮਿੰਦਰ ਸਿੰਘ ਵਾਲ-ਵਾਲ ਬਚ ਗਏ।