ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਨਵੰਬਰ
ਇਥੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਸਿਵਲ ਸਰਜਨ ਡਾ. ਰਾਜੇਸ਼ ਅਤਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਟੀਮ ਵੱਲੋਂ ਲਕਸ਼ਮੀ ਪਤੀਸਾ ਫੈਕਟਰੀ ਤੋਂ ਲਏ ਚਾਰ ਨਮੂਨਿਆਂ ਵਿੱਚੋਂ ਤਿੰਨ ਨਮੂਨੇ ਫੇਲ੍ਹ ਹੋਣ ਉੱਤੇ ਜ਼ਬਤ ਬਰਫ਼ੀ- ਮਿਲਕ ਕੇਕ ਨੂੰ ਸਿਹਤ ਵਿਭਾਗ ਦੀ ਟੀਮ ਨੇ ਨਸ਼ਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿਛਲੇ ਹਫ਼ਤੇ ਮੋਗਾ ਫ਼ੇਰੀ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਅਤਰੀ ਵੱਲੋਂ ਮਿਲਾਵਟਖੋਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਸਿਵਲ ਸਰਜਨ ਦੀ ਪ੍ਰਸੰਸਾ ਕੀਤੀ ਗਈ ਕਿ ਸੂਬੇ ਵਿਚ ਸਭ ਤੋਂ ਵੱਧ ਮੋਗਾ ਵਿਚ ਮਿਲਾਵਟੀ ਮਠਿਆਈ ਜ਼ਬਤ ਕੀਤੀ ਗਈ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਬਤ ਕੀਤੇ ਗਏ 1392 ਕਿਲੋ ਮਿਲਕ ਕੇਕ ਅਤੇ 255 ਕਿਲੋ ਖੋਇਆ ਬਰਫ਼ੀ ਦਾ ਨਮੂਨਾ ਫੇਲ੍ਹ ਆਇਆ ਹੈ। ਇਹ ਖੋਇਆ ਬਰਫ਼ੀ ਅਤੇ ਮਿਲਕ ਕੇਕ ਰਿਫ਼ਾਇੰਡ ਤੇਲ ਨਾਲ ਤਿਆਰ ਕੀਤਾ ਗਿਆ ਸੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਉਕਤ ਪਤੀਸਾ ਫੈਕਟਰੀ ਤੋਂ ਖੋਇਆ ਬਰਫੀ, ਮਿਲਕ ਕੇਕ ਅਤੇ ਪਤੀਸਾ ਦੇ ਚਾਰ ਸੈਂਪਲ ਲਏ ਸਨ।