ਰਵਿੰਦਰ ਰਵੀ
ਬਰਨਾਲਾ, 26 ਫਰਵਰੀ
ਸਥਾਨਕ ਪੱਤੀ ਰੋਡ ਦੀ ਲੜਕੀ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਵਿਚ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਪਰ ਹੁਣ ਲੜਕੀ ਦੇ ਵਾਪਸ ਆਉਣ ’ਤੇ ਜੱਜ ਸਾਹਮਣੇ ਦਿੱਤੇ ਬਿਆਨ ਦੇ ਆਧਾਰ ਤੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਸਖ਼ਤ ਕਾਰਵਾਈ ਕਰਦਿਆਂ ਦਰਜ ਕੇਸ ’ਚ ਧਾਰਾਵਾਂ ਦਾ ਵਾਧਾ ਕਰਦਿਆਂ ਤਿੰਨ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਲੜਕੀ ਦੇ ਬਿਆਨਾਂ ਅਨੁਸਾਰ ਉਸ ਦਾ ਪਿਛਲੇ ਸਾਲ ਜੁਲਾਈ ’ਚ ਆਈਲੈਟਸ ਦਾ ਪੇਪਰ ਸੀ, ਉਹ 24 ਜੂਨ ਨੂੰ ਪਾਸਪੋਰਟ ਦੀ ਫੋਟੋ ਸਟੇਟ ਕਰਵਾਉਣ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਕਿਰਾਏ ’ਤੇ ਰਹਿੰਦੀ ਔਰਤ ਕਰਮਜੀਤ ਕੌਰ ਉਸ ਨੂੰ ਰਿਸ਼ਤੇਦਾਰ ਕੋਲ ਜਾਣ ਦਾ ਬਹਾਨਾ ਲਾ ਕੇ ਨਾਲ ਲੈ ਗਈ। ਉੱਥੇ ਮੌਜੂਦ ਵਿਅਕਤੀਆਂ ਨੇ ਉਸ ਨੂੰ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਵੱਖ-ਵੱਖ ਥਾਵਾਂ ’ਤੇ ਬੰਧਕ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਉਹ ਕਿਸੇ ਤਰ੍ਹਾਂ ਆਪਣੇ ਪਰਿਵਾਰ ਕੋਲ ਪੁੱਜੀ। ਉਨ੍ਹਾਂ ਪੀੜਤ ਦੀ ਹਾਲਤ ਠੀਕ ਨਾ ਹੋਣ ਕਾਰਨ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਜਿੱਥੇ ਜੱਜ ਬਬਲਜੀਤ ਕੌਰ ਨੇ ਉਸ ਦੇ ਬਿਆਨ ਲਏ। ਬਿਆਨਾਂ ਦੇ ਆਧਾਰ ’ਤੇ ਮਨੋਜ ਕੁਮਾਰ, ਚੰਦ ਲਾਲ ਅਤੇ ਧਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਜ਼ਿਲ੍ਹਾ ਪੁਲੀਸ ਮੁਖੀ ਨੇ ਪੀੜਤਾ ਨੂੰ ਇਨਸਾਫ਼ ਨਾ ਦੇਣ ਦੀ ਸ਼ਿਕਾਇਤ ਦੀ ਪੜਤਾਲ ਦੌਰਾਨ ਡਿਊਟੀ ’ਚ ਕੁਤਾਹੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ 1 ਦੀ ਪੁਲੀਸ ਦੇ ਤਿੰਨ ਮੁਲਾਜ਼ਮਾਂ ਸਬ-ਇੰਸਪੈਕਟਰ ਗੁਲਾਬ ਸਿੰਘ, ਥਾਣੇਦਾਰ ਕਰਮਜੀਤ ਸਿੰਘ ਅਤੇ ਦਰਸ਼ਨ ਸਿੰਘ ਨੂੰ ਮੁਅਤਲ ਕਰ ਦਿੱਤਾ।
ਇਸ ਸਬੰਧੀ ਜ਼ਿਲਾ ਪੁਲੀਸ ਮੁਖੀ ਨੇ ਕਿਹਾ ਕਿ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।