ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੂਨ
ਪ੍ਰੋ. ਅਜਮੇਰ ਸਿੰਘ ਔਲਖ ਯਾਦਗਾਰੀ ਕਮੇਟੀ ਵੱਲੋਂ ਉਨ੍ਹਾਂ ਦੀ ਪੰਜਵੀਂ ਬਰਸੀ ਮੌਕੇ ਸੰਤ ਓਪਨ ਏਅਰ ਥੀਏਟਰ ਕੋਟਲੱਲੂ ਵਿੱਚ ਕਰਵਾਏ ਸਮਾਗਮ ਦੌਰਾਨ ਬਿੱਟੂ ਔਲਖ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਨਾਟਕ ‘ਬਗਾਨੇ ਬੋਹੜ ਦੀ ਛਾਂ’ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਮੇਂ ਦੇ ਹਾਕਮਾਂ ਵਿਰੁੱਧ ਵਿੱਢੀ ਹੱਕੀ ਜੰਗ ਨੂੰ ਜਿੱਤਣ ਤੱਕ ਪ੍ਰੋ. ਔਲਖ ਦੇ ਸੰਗਰਾਮ ਨੂੰ ਜਾਰੀ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਪ੍ਰੋ. ਔਲਖ ਦੀ ਰੰਗਕਰਮੀ ਪਤਨੀ ਮਨਜੀਤ ਕੌਰ ਔਲਖ ਤੇ ਧੀਆਂ ਡਾ. ਸੁਪਨਦੀਪ ਕੌਰ ਔਲਖ, ਡਾ. ਅਜਮੀਤ ਕੌਰ ਔਲਖ ਤੇ ਹੋਰਾਂ ਨੇ ਕਿਹਾ ਕਿ ਉਹ ਪ੍ਰੋ. ਅਜਮੇਰ ਸਿੰਘ ਔਲਖ ਵੱਲੋਂ ਵਿੱਢੇ ਹੱਕੀ ਘੋਲਾਂ ਦੀ ਜੰਗ ਨੂੰ ਜਾਰੀ ਰੱਖਣਗੇ।
ਨਾਟਕ ਬਾਰੇ ਸਮਾਗਮ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਗੱਜਣ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਅਮਰ ਪਾਤਰ ਹੈ।
ਇਸ ਮੌਕੇ ਪ੍ਰੋ. ਅਜਮੇਰ ਸਿੰਘ ਔਲਖ ਦੀ ਹਮਸਫਰ ਮਨਜੀਤ ਕੌਰ ਔਲਖ ਵੱਲੋਂ ਡਾ. ਕੁਲਦੀਪ ਸਿੰਘ ਦੀਪ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਮੇਰੇ ਹਿੱਸੇ ਦਾ ਔਲਖ’ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਪ੍ਰੋ. ਅਜਮੇਰ ਸਿੰਘ ਔਲਖ ਦੇ ਪਿਆਰਿਆਂ ਦੀਆਂ ਸਿਮਰਤੀਆਂ ’ਤੇ ਅਧਾਰਿਤ ਹੈ।
ਇਸ ਮੌਕੇ ਦਰਸ਼ਨ ਜੋਗਾ, ਹਰਦੀਪ ਸਿੰਘ ਸਿੱਧੂ, ਤੇਜਿੰਦਰ ਕੌਰ, ਗੁਰਪ੍ਰੀਤ ਸਿੰਘ, ਪ੍ਰੋ. ਸੁਖਦੇਵ ਸਿੰਘ, ਪ੍ਰੋ.ਦਰਸ਼ਨ ਸਿੰਘ, ਡਾ. ਕੁਲਦੀਪ ਸਿੰਘ, ਸੰਦੀਪ ਘੰਡ ਸੰਦੀਪ ਘੰਡ, ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ।