ਪੱਤਰ ਪ੍ਰੇਰਕ
ਜੈਤੋ, 9 ਦਸੰਬਰ
ਆਲ ਇੰਡੀਆ ਫ਼ੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਅੱਜ ਤੀਜੇ ਦਿਨ ਵੀ ਹੜਤਾਲ ’ਤੇ ਰਹੀ। ਯੂਨੀਅਨ ਦੇ ਵਰਕਰਾਂ ਨੇ ਇਥੇ ਪਨਗਰੇਨ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਜਥੇਬੰਦੀ ਦੇ ਪ੍ਰਧਾਨ ਸਾਧੂ ਸਿੰਘ ਭਗਤੂਆਣਾ, ਸਕੱਤਰ ਸਿਕੰਦਰ ਸਿੰਘ ਅਜਿੱਤਗਿੱਲ ਅਤੇ ਟੋਲੀ ਪ੍ਰਧਾਨ ਮਹਿੰਦਰ ਸਿੰਘ ਚੰਦਭਾਨ ਨੇ ਕਿਹਾ ਕਿ ਜੇ ਸਰਕਾਰ ਨੇ ਠੇਕੇਦਾਰੀ ਪ੍ਰਬੰਧ ਖਤਮ ਨਾ ਕੀਤਾ ਤਾਂ ਪੰਜਾਬ ਦੇ ਸਮੂਹ ਪੱਲੇਦਾਰ ਸੰਗਠਨ ਬੇਮਿਆਦੀ ਹੜਤਾਲ ’ਤੇ ਰਹਿਣਗੇ।
ਮਹਿਲ ਕਲਾਂ (ਪੱਤਰ ਪ੍ਰੇਰਕ): ਠੇਕੇਦਾਰੀ ਪ੍ਰਬੰਧ ਖਿਲਾਫ ਨਿੱਤਰਦਿਆਂ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਨੂੰ ਮਹਿਲ ਕਲਾਂ ਵਿੱਚ ਭਰਵਾਂ ਹੁੰਗਾਰਾ ਮਿਿਲਆ ਹੈ। ਅੱਜ ਫੂਡ ਗਰੇਨ ਐਂਡ ਅਲਾਇੰਡ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਵੇਅਰ ਹਾਊਸ ਗੁਦਾਮ ਮਹਿਲ ਕਲਾਂ ਦੇ ਮੁੱਖ ਗੇਟ ਅੱਗੇ ਹੜਤਾਲ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਲੇਦਾਰਾਂ ਵੱਲੋਂ ਪੰਜਾਬ ਦੀਆਂ ਫੂਡ ਏਜੰਸੀਆਂ ਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਦੇਣ ਦੀ ਮੰਗ ਕੀਤੀ ਗਈ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਧਨੌਲਾ,ਸਕੱਤਰ ਬੂਟਾ ਸਿੰਘ,ਮੀਤ ਸਕੱਤਰ ਗੁਰਜੰਟ ਸਿੰਘ ਹਾਜ਼ਰ ਸਨ।
ਅਣਮਿੱਥੇ ਸਮੇਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ
ਜ਼ੀਰਾ (ਪੱਤਰ ਪ੍ਰੇਰਕ ): ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧੇ ਭੁਗਤਾਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਪੱਲੇਦਾਰ-ਮਜ਼ਦੂਰ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਲਾਇਆ ਗਿਆ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ। ਫੂਡ ਗ੍ਰੇਨ ਅਤੇ ਅਲਾਈਡ ਵਰਕਰ ਯੂਨੀਅਨ ਜ਼ੀਰਾ ਦੇ ਪ੍ਰਧਾਨਾਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਤੋਂ ਮਜ਼ਦੂਰਾਂ ਦੀ ਠੇਕੇਦਾਰੀ ਦੀ ਹੁੰਦੀ ਲੁੱਟ ਤੋਂ ਬਚਾਉਣ ਲਈ ਸਮੂਹ ਜਥੇਬੰਦੀਆਂ ਵੱਲੋਂ ਮੰਗਾਂ ਉਠਾਈਆਂ ਜਾ ਰਹੀਆਂ ਹਨ ਅਤੇ ਕਈ ਸੰਘਰਸ਼ ਵੀ ਕੀਤੇ ਹਨ ,ਪਰ ਮਜ਼ਦੂਰਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਇਸ ਮੌਕੇ ਪ੍ਰਧਾਨ ਹਰਦੇਵ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਗੋਰਾ ਸਿੰਘ, ਬਾਬੂ ਰਾਮ, ਕੁਲਵਿੰਦਰ ਸਿੰਘ, ਚੰਦ ਸਿੰਘ, ਰਣਜੀਤ ਸਿੰਘ, ਬਖਸ਼ੀਸ਼ ਸਿੰਘ, ਬਿੰਦਰ ਸਿੰਘ ਹਾਜ਼ਰ ਸਨ ।