ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਅਗਸਤ
ਲੋਕ ਮੋਰਚਾ ਪੰਜਾਬ ਵੱਲੋਂ ਪਿੰਡ ਭੁੱਚੋ ਖੁਰਦ ਵਿੱਚ ਆਜ਼ਾਦੀ ਦੇ ਜਸ਼ਨਾਂ ਦੌਰਾਨ ਸ਼ਹੀਦ ਭਗਤ ਸਿੰਘ ਵੱਲੋਂ ਚਿਤਵੀ ਖਰੀ ਆਜ਼ਾਦੀ ਅਤੇ ਸੱਚੀ ਜਮਹੂਰੀਅਤ ਉਸਾਰਨ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਸੁਨੇਹਾ ਦੇਣ ਲਈ ਕਨਵੈਨਸ਼ਨ ਕਰਵਾਈ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਅਸਲ ਆਜ਼ਾਦੀ ਦਾ ਮਤਲਬ ਸਾਮਰਾਜ ਤੋਂ ਮੁਕੰਮਲ ਮੁਕਤੀ ਹੈ। ਬਰਤਾਨਵੀ ਸਾਮਰਾਜ ਭਾਵੇਂ ਪਰਦੇ ਪਿੱਛੇ ਹੋ ਗਿਆ ਹੈ, ਪਰ ਅਨੇਕਾਂ ਹੋਰ ਸਾਮਰਾਜੀ ਸ਼ਕਤੀਆਂ ਮੁਲ਼ਕ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਹਨ। ਇਸ ਦੇ ਬਾਵਜੂਦ ਦੇਸ਼ ਸਾਮਰਾਜੀਆਂ ਅਤੇ ਜਗੀਰੂ ਲੋਟੂਆਂ ਦੇ ਹੱਥ ਵਿੱਚ ਹੀ ਹੈ। ਰਾਜ ਪ੍ਰਬੰਧ ਦੇ ਲੋਕਾਂ ਪ੍ਰਤੀ ਵਿਵਹਾਰ ਵਿੱਚ ਕੋਈ ਬੁਨਿਆਦੀ ਫ਼ਰਕ ਨਹੀੰ ਪਿਆ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਇਨਕਲਾਬੀ ਵਿਚਾਰਾਂ ਦੇ ਰਾਹ ’ਤੇ ਚੱਲਣ ਦੀ ਲੋੜ ਹੈ।