ਪਵਨ ਗੋਇਲ
ਭੁੱਚੋ ਮੰਡੀ, 7 ਫਰਵਰੀ
ਪਿਛਲੇ 21 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ 17 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵਿੱਚ ਅੱਜ ਸ਼ਾਮੀਂ ਉਸ ਸਮੇਂ ਰੋਹ ਫੈਲ ਗਿਆ, ਜਦੋਂ ਠੇਕੇਦਾਰ ਵੀਕੇ ਮਲਕ ਨੇ ਪੁਲੀਸ ਅਧਿਕਾਰੀਆਂ ਤੇ ਭਰਾਤਰੀ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਟੌਲ ਵਸੂਲੀ ਸ਼ੁਰੂ ਹੋਣ ਤੋਂ ਪਹਿਲਾਂ ਨੌਕਰੀ ਅਤੇ ਤਨਖਾਹ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਭੜਕੇ ਮੁਲਾਜ਼ਮਾਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟੌਲ ਪਲਾਜ਼ਾ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰ ਲਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਅਧਿਕਾਰੀਆਂ ਨੂੰ ਉਸ ਸਮੇਂ ਤੱਕ ਦਫ਼ਤਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਜਦੋਂ ਤੱਕ ਮੁਲਾਜ਼ਮਾਂ ਨੂੰ ਨੌਕਰੀ ਅਤੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ।
ਇਸ ਮੌਕੇ ਟੌਲ ਕਰਮਚਾਰੀ ਯੂਨੀਅਨ ਦੇ ਆਗੂ ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਚਾਂਦੀ, ਕਿਰਨਪਾਲ ਕੌਰ, ਮਨਜੀਤ ਕੌਰ ਅਤੇ ਸੁਖਜੀਤ ਕੌਰ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਠੇਕੇਦਾਰ ਦੇ ਇੱਥੇ ਪਹੁੰਚਣ ਤੋਂ ਬਾਅਦ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜੋ ਵਫ਼ਾ ਨਹੀਂ ਹੋਇਆ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਮਾਈਸਰਖਾਨਾ, ਗੁਰਭਗਤ ਸਿੰਘ, ਸਿੱਧੂਪੁਰ ਧੜੇ ਦੇ ਆਗੂ ਸੁਖਦੀਪ ਕੀਪਾ ਅਤੇ ਲਹਿਰਾ ਬੇਗਾ ਦੇ ਪੰਚ ਸੰਦੀਪ ਸਿੰਘ ਨੇ ਇਨਸਾਫ਼ ਮਿਲਣ ਤੱਕ ਟੌਲ ਮੁਲਾਜ਼ਮਾਂ ਦਾ ਡਟ ਕੇ ਸਾਥ ਦੇਣ ਦਾ ਵਾਅਦਾ ਕੀਤਾ। ਧਰਨਾਕਾਰੀਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ।