ਰਾਜਿੰਦਰ ਕੁਮਾਰ
ਬੱਲੂਆਣਾ(ਅਬੋਹਰ),15 ਅਕਤੂਬਰ
ਵਪਾਰੀਆਂ ਅਤੇ ਖ਼ਰੀਦ ਏਜੰਸੀਆਂ ਦੇ ਅਫਸਰਾਂ ਦੀ ਕਥਿਤ ਮਿਲੀਭੁਗਤ ਦੇ ਚੱਲਦੇ ਅਬੋਹਰ ਦੀ ਮੁੱਖ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਕੰਮ ਠੰਡਾ ਹੁੰਦਾ ਜਾ ਰਿਹਾ ਹੈ। ਕੱਲ੍ਹ ਮੰਡੀ ਵਿੱਚ 19440 ਕੁਇੰਟਲ ਝੋਨਾ ਵਿਕਿਆ ਪ੍ਰੰਤੂ ਅੱਜ ਦੀ ਖਰੀਦ 17800 ਕੁਇੰਟਲ ਤੱਕ ਸਿਮਟ ਕੇ ਰਹਿ ਗਈ । ਅੱਜ ਦਿਨੇ ਮੰਡੀ ਵਿੱਚ ਆਏ ਝੋਨੇ ਦੀ ਖ਼ਰੀਦ ਵੇਲੇ ਵਪਾਰੀਆਂ ਵੱਲੋਂ ਨਮੀ ਦਾ ਬਹਾਨਾ ਬਣਾ ਕੇ ਅਚਾਨਕ ਖਰੀਦ ਰੋਕ ਦਿੱਤੀ ਗਈ। ਕੱਲ੍ਹ ਦੇ ਮੁਕਾਬਲੇ ਅੱਜ ਕਰੀਬ 1800 ਕੁਇੰਟਲ ਘੱਟ ਝੋਨੇ ਦੀ ਖਰੀਦ ਹੋਈ। ਵਪਾਰੀਆਂ ਦੀ ਕਥਿਤ ਬਦਨੀਤੀ ਦੇ ਚੱਲਦੇ ਸਸਤੇ ਭਾਅ ਝੋਨਾ ਨਾ ਵੇਚਣ ਕਾਰਨ ਅੱਜ ਅਜੀਮਗੜ੍ਹ ਦੇ ਅਮਰੀਕਪਾਲ ਸਿੰਘ ਨੂੰ ਛੇਵੀਂ ਰਾਤ ਮੰਡੀ ਵਿੱਚ ਗੁਜ਼ਾਰਨੀ ਪਈ। ਇਸੇ ਤਰ੍ਹਾਂ ਢਾਣੀ ਚਿਰਾਗ਼ ਵਾਸੀ ਰਮੇਸ਼ ਝੋਨੇ ਦੀਆਂ ਟਰਾਲੀਆਂ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਮੰਡੀ ਵਿੱਚ ਖਰੀਦ ਏਜੰਸੀਆਂ ਅਤੇ ਵਪਾਰੀਆਂ ਦੇ ਤਰਲੇ ਕੱਢ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਨਿਰਧਾਰਿਤ ਰੇਟ ’ਤੇ ਝੋਨਾ ਨਾ ਵੇਚਣ ਕਾਰਨ ਵਪਾਰੀ ਉਸ ਦਾ ਮਾਲ ਰਿਜੈਕਟ ਕਰ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਅਫਸਰਸ਼ਾਹੀ ਵੱਲੋਂ ਮੰਡੀ ਵਿੱਚ ਝੋਨੇ ਦਾ ਇੱਕ ਇੱਕ ਦਾਣਾ ਖਰੀਦਣ ਸਬੰਧੀ ਬਿਆਨ ਦਿੱਤੇ ਗਏ ਹਨ ਪ੍ਰੰਤੂ ਉਨ੍ਹਾਂ ਬਿਆਨਾਂ ’ਤੇ ਅਮਲ ਦੀ ਜ਼ਮੀਨੀ ਹਕੀਕਤ ਜਾਨਣ ਨੂੰ ਕੋਈ ਵੀ ਅੱਗੇ ਨਹੀਂ ਆ ਰਿਹਾ।