ਜੋਗਿੰਦਰ ਸਿੰਘ ਮਾਨ
ਮਾਨਸਾ, 22 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਭਰ ਵਿੱਚ ਰੇਲ ਗੱਡੀਆਂ ਰੋਕਣ ਲਈ ਧਰਨੇ ਲਾਏ ਗਏ। ਇਹ ਧਰਨੇ 12 ਵਜੇ ਤੋਂ 3 ਵਜੇ ਤੱਕ ਚੱਲੇ। ਜਥੇਬੰਦੀ ਅਨੁਸਾਰ ਪੰਜਾਬ ਸਰਕਾਰ ਵਿਰੁੱਧ 15 ਜ਼ਿਲ੍ਹਿਆਂ ਵਿੱਚ ਰੇਲ ਮਾਰਗ ਜਾਮ ਕੀਤੇ ਗਏ। ਮਾਲਵਾ ਖੇਤਰ ਵਿੱਚ ਇਨ੍ਹਾਂ ਧਰਨਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਪੱਧਰ ’ਤੇ ਔਰਤਾਂ ਨੇ ਵੀ ਸਮੂਲੀਅਤ ਕੀਤੀ। ਮਾਨਸਾ ਵਿੱਚ ਹਲਕੇ ਮੀਂਹ ਪੈਂਦੇ ਦੌਰਾਨ ਵੀ ਧਰਨਾਕਾਰੀ ਰੇਲਵੇ ਲਾਈਨਾਂ ’ਤੇ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਹੋਏ ਡੱਟੇ ਰਹੇ।
ਮਾਨਸਾ ਵਿੱਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ’ਚ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਝੋਨੇ ਦੀ ਫਸਲ 68 ਮਣ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਐੱਮਐੱਸਪੀ ਰੇਟ ’ਤੇ ਖਰੀਦੀ ਜਾਵੇਗੀ ਅਤੇ ਇਸ ਤੋਂ ਵੱਧ ਨਹੀਂ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਜ਼ਬੂਰੀ ਵੱਸ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸ਼ਕਤੀ ਵਰਤਣ ਦਾ ਐਲਾਨ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਟੀਮਾਂ ਬਣਾ ਦਿੱਤੀਆਂ ਹਨ ਅਤੇ ਪੁਲੀਸ ਪਾਰਟੀਆਂ ਨਾਲ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਦੇ ਖੁਦ ਮਾਲਕ ਹਨ ਪਰ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ’ਚੋਂ ਮਿੱਟੀ ਨਹੀਂ ਚੁੱਕ ਸਕਦੇ। ਅਜਿਹਾ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਬਠਿੰਡਾ ਜ਼ਿਲ੍ਹੇ ਵਿੱਚ ਪਰਚੇ ਦਰਜ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦਾ ਨੁਕਸਾਨ ਹੋ ਗਿਆ ਸੀ। ਜਥੇਬੰਦੀ ਨੇ ਸੰਘਰਸ਼ ਕਰਕੇ ਮੁਆਵਜ਼ੇ ਦਾ ਐਲਾਨ ਕਰਵਾਇਆ ਸੀ ਪਰ ਇਹ ਐਲਾਨ ਵੀ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਉੱਤਮ ਸਿੰਘ ਰਾਮਾਂਨੰਦੀ, ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਬਿੰਦਰ ਸਿੰਘ ਝੰਡਾ, ਕਾਲਾ ਸਿੰਘ ਮੰਡੇਰ, ਜਗਰਾਜ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।
ਫਿਰੋਜ਼ਪੁਰ-ਦਿੱਲੀ ਰੇਲਵੇ ਮਾਰਗ ’ਤੇ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮੌੜ ਮੰਡੀ (ਕੁਲਦੀਪ ਭੁੱਲਰ): ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ’ਤੇ ਕਿਸਾਨਾਂ ਵੱਲੋ ਅੱਜ ਰੇਲਵੇ ਟਰੈਕ ਦੁਪਹਿਰ 12 ਵਜੇ 3 ਵਜੇ ਤੱਕ ਜਾਮ ਕੀਤੇ ਗਏ। ਇਸੇ ਦੌਰਾਨ ਕਿਸਾਨਾਂ ’ਤੇ ਦਰਜ ਮਾਈਨਿੰਗ ਮਾਮਲੇ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੇ ਫਿਰੋਜ਼ਪੁਰ-ਦਿੱਲੀ ਰੇਲਵੇ ਮਾਰਗ ’ਤੇ ਧਰਨੇ ਨੂੰ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਕਿਸਾਨਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਵੱਲੋ ਸਥਾਨਥ ਰੇਲਵੇ ਮਾਰਗ ਨੇੜੇ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ, ਹਰਜਿੰਦਰ ਸਿੰਘ ਬੱਗੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾਂ ਸਮਾਂ ਪ੍ਰਸ਼ਾਸਨ ਕਿਸਾਨਾਂ ’ਤੇ ਦਰਜ ਕੇਸ ਰੱਦ ਨਹੀਂ ਕਰਦਾ ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਨਹੀਂ ਕਰਦਾ, ਉਨਾਂ ਸਮਾਂ ਕਿਸਾਨ ਰੇਲਵੇ ਮਾਰਗ ਤੋ ਧਰਨਾ ਨਹੀਂ ਚੁੱਕਣਗੇ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ , ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾਂ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਨੇ ਇਕੱਤਰ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਖਣਨ ਮਾਮਲਿਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਨੂੰ ਛੇਤੀ ਪੂਰਾ ਕਰਵਾ ਕੇ ਕਿਸਾਨਾਂ ਨੂੰ ਰਿਹਾਅ ਕਰਵਾਉਣਗੇ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਦਰਜ ਮਾਮਲੇ ਰੱਦ ਕੀਤੇ ਗਏ ਹਨ। ਸਿਰਫ ਇਸ ਸਬੰਧੀ ਕਾਗਜ਼ੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਇਸ ਮਗਰੋਂ ਕਿਸਾਨ ਆਗੂਆਂ ਨੇ ਰੇਲਵੇ ਮਾਰਗ ਤੋਂ ਧਰਨਾ ਅਗਲੀ ਰਣਨੀਤੀ ਤੱਕ ਚੁੱਕਣ ਦਾ ਐਲਾਨ ਕਰ ਦਿੱਤਾ।