ਪਰਮਜੀਤ ਸਿੰਘ
ਫ਼ਾਜ਼ਿਲਕਾ, 8 ਸਤੰਬਰ
ਇਥੇ ਰੇਲਵੇ ਪੁਲ ’ਤੇ ਇਕ ਟਰਾਲੇ ਨੇ ਪੰਜਾਬ ਹੋਮਗਾਰਡ ਦੇ ਜਵਾਨ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ’ਚ ਸੰਤਰੀ ਵਜੋਂ ਤਾਇਨਾਤ ਪੰਜਾਬ ਹੋਮਗਾਰਡ ਦਾ ਜਵਾਨ ਹੁਕਮ ਚੰਦ ਆਪਣੇ ਘਰ ਪਿੰਡ ਲਾਲੋ ਵਾਲੀ ਜਾ ਰਿਹਾ ਸੀ। ਜਦੋਂ ਉਹ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਬਣੇ ਰੇਲਵੇ ਪੁਲ ’ਤੇ ਕਿਸੇ ਵਾਹਨ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਨੂੰ ਇਕ ਘੋੜੇ ਟਰਾਲੇ ਨੇ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਪਰਿਵਾਰ ਵਿੱਚ ਤਿੰਨ ਬੱਚੇ ਇਕ ਲੜਕਾ ਅਤੇ ਦੋ ਲੜਕੀਆਂ ਹਨ। ਮ੍ਰਿਤਕ ਦੇ ਭਰਾ ਜੈ ਚੰਦ ਨੇ ਦੱਸਿਆ ਕਿ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੇ ਭਰਾ ਦੀ ਪਛਾਣ ਕਰਨੀ ਵੀ ਮੁਸ਼ਕਲ ਸੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਕਤ ਟਰਾਲਾ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਫਾਜ਼ਿਲਕਾ ਦੇ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਹੁਕਮ ਚੰਦ ਨੂੰ ਟਰਾਲੇ ਦੇ ਹੇਠੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਹੁਕਮ ਚੰਦ ਹੋਮਗਾਰਡ ਦਾ ਵਾਲੰਟੀਅਰ ਹੈ ਜੋ ਡਿਊਟੀ ਕਰਕੇ ਵਾਪਸ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਟਰਾਲਾ ਬੀਕਾਨੇਰ ਦੇ ਨੇੜੇ ਦਾ ਹੈ। ਉਨ੍ਹਾਂ ਦੱਸਿਆ ਕਿ ਟਰਾਲਾ ਚਾਲਕ ਫਰਾਰ ਹੈ ਅਤੇ ਪੁਲੀਸ ਨੇ ਟਰਾਲਾ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।