ਜਸਵੰਤ ਸਿੰਘ ਥਿੰਦ
ਮਮਦੋਟ, 26 ਮਈ
ਫ਼ਿਰੋਜ਼ਪੁਰ ਫਾਜ਼ਿਲਕਾ ਸੜਕ ਦੇ ਕਿਨਾਰੇ ਲੱਗੇ ਸੈਂਕੜੇ ਰੁੱਖਾਂ ਦੀ ਕਟਾਈ ਜੰਗਲਾਤ ਵਿਭਾਗ ਵੱਲੋਂ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਕੇਂਦਰੀ ਵਿਦਿਆਲਿਆ ਨੰਬਰ ਇੱਕ ਦੇ ਨੇੜੇ ਸੜਕ ਕਿਨਾਰੇ ਲੱਗੇ ਸੈਂਕੜੇ ਰੁੱਖਾਂ ਨੂੰ ਮਿਲਟਰੀ ਏਰੀਏ ਵਿੱਚ ਓਵਰਬ੍ਰਿਜ ਬਣਾਉਣ ਲਈ ਕੱਟਿਆ ਜਾ ਰਿਹਾ ਹੈ ਜਿਸ ਨਾਲ ਸੜਕ ਕਿਨਾਰੇ ਬਣੀ ਸਾਰੀ ਹਰਿਆਲੀ ਖ਼ਤਮ ਹੋ ਰਹੀ ਹੈ ਇੱਥੇ ਜ਼ਿਕਰਯੋਗ ਹੈ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ ’ਤੇ ਪਹਿਲਾਂ ਹੀ ਰੁੱਖਾਂ ਦੀ ਘਾਟ ਹੈ ਜਿਸ ਕਾਰਨ ਵਾਤਾਵਰਣ ਨੂੰ ਭਾਰੀ ਖਤਰਾ ਬਣਿਆ ਹੋਇਆ ਹੈ। ਬਲਾਕ ਅਫਸਰ ਚਮਕੌਰ ਸਿੰਘ ਨੇ ਕਿਹਾ ਕਿ ਫੌਜ ਵੱਲੋਂ ਆਪਣੇ ਏਰੀਏ ਵਿਚ ਪੁਲ ਬਣਾਉਣ ਲਈ ਦਰੱਖਤਾਂ ਦੀ ਕਟਾਈ ਕਰਵਾਈ ਜਾ ਰਹੀ ਹੈ । ਉਧਰ ਵਾਤਾਵਰਣ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਉਸ ਬਦਲੇ ਸੜਕ ਕਿਨਾਰੇ ਦੁੱਗਣੇ ਪੌਦੇ ਲਾਏ ਜਾਣ। ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਵਾਤਾਵਰਨ ਪ੍ਰੇਮੀ ਨਰਾਜ਼ ਹਨ।