ਗੁਰਪ੍ਰੀਤ ਦੌਧਰ
ਅਜੀਤਵਾਲ, 17 ਨਵੰਬਰ
ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ 93ਵੇਂ ਬਲੀਦਾਨ ਦਿਵਸ ਮੌਕੇ ਅੱਜ ਉਨ੍ਹਾਂ ਦੇ ਜਨਮ ਸਥਾਨ ਪਿੰਡ ਢੁੱਡੀਕੇ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਸਾਬਕਾ ਮੰਤਰੀ ਮਾਲਤੀ ਥਾਪਰ ਅਤੇ ਨਿਹਾਲ ਸਿੰਘ ਵਾਲਾ ਦੇ ਸਹਾਇਕ ਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦਾ ਸੰਘਰਸ਼ ਵਿੱਢਣ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਵਿਸ਼ੇਸ਼ ਯੋਗਦਾਨ ਰਿਹਾ। ਹਰ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ ’ਤੇ ਮਾਣ ਹੈ, ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਇਸ ਤੋਂ ਪਹਿਲਾਂ ਹਰਚਰਨ ਸਿੰਘ, ਮਾਲਤੀ ਥਾਪਰ ਅਤੇ ਹੋਰਾਂ ਨੇ ਲਾਲਾ ਜੀ ਦੀ ’ਤ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਉਨ੍ਹਾਂ ਲਾਇਬਰੇਰੀ ਅਤੇ ਹੋਰ ਇਤਿਹਾਸਕ ਸਥਾਨ ਵੀ ਦੇਖੇ। ਇਸ ਉਪਰੰਤ ਉਨ੍ਹਾਂ ਪਿੰਡ ਦੇ ਹੀ ਬਾਕੀ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ ’ਤੇ ਵੀ ਫੁੱਲ ਮਾਲਾਵਾਂ ਭੇਟ ਕੀਤੀਆਂ। ਅੰਤ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ।
ਸਮਾਗਮ ਵਿੱਚ ਨਾ ਪਹੁੰਚਿਆ ਕੋਈ ਵਿਧਾਇਕ
ਮੋਗਾ (ਮਹਿੰਦਰ ਸਿੰਘ ਰੱਤੀਆਂ): ਪਿੰਡ ਢੁੱਡੀਕੇ ਵਿੱਚ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਸਰਕਾਰ ਦੇ ਕਿਸੇ ਪ੍ਰਤੀਨਿਧ ਨੇ ਹਾਜ਼ਰੀ ਨਹੀਂ ਭਰੀ। ਲਾਲਾ ਲਾਜਪਤ ਰਾਏ ਯਾਦਗਾਰੀ ਕਮੇਟੀ ਦੇ ਆਗੂ ਰਣਜੀਤ ਸਿੰਘ ਧੰਨਾ ਨੇ ਕਿਹਾ ਕਿ ਸੱਦਾ ਪੱਤਰ ’ਤੇ ਜ਼ਿਲ੍ਹੇ ’ਦੇ ਚਾਰਾਂ ਵਿਧਾਇਕਾਂ ਦੇ ਨਾਂ ਛਾਪੇ ਗਏ ਸਨ ਪਰ ਸਮਾਗਮ ’ਚ ਕੋਈ ਨਹੀਂ ਪੁੱਜਾ। ਇੱਕ ਵਿਧਾਇਕ ਨੇ ਤਾਂ ਮੁੱਖ ਮੰਤਰੀ ਨੂੰ ਸਮਾਗਮ ’ਚ ਲਿਆਉਣ ਦੀ ਵੀ ਹਾਮੀ ਭਰੀ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੰਜ ਸਾਲਾਂ ਵਿੱਚ ਪੰਜ ਲੱਖ ਰੁਪਏ ਦੀ ਗਰਾਂਟ ਦਿੰਦੀ ਸੀ ਪਰ ਮੌਜੂਦਾ ਸਰਕਾਰ ਨੇ ਸਿਰਫ਼ ਦੋ ਲੱਖ ਰੁਪਏ ਦੀ ਗਰਾਂਟ ਹੀ ਜਾਰੀ ਕੀਤੀ ਹੈ।