ਕੰਪਨੀ ਨੇ ਦੂਜੀ ਤਿਮਾਹੀ ਦੀ ਵਿੱਤੀ ਰਿਪੋਰਟ ਐਲਾਨੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 23 ਅਕਤੂਬਰ
ਯਾਰਨ, ਬਾਥ, ਬੈੱਡ ਲਿਨਨ ਅਤੇ ਵ੍ਹਾਈਟ ਸਟਰਾਅ ਪੇਪਰ ਨਿਰਮਾਤਾ ਟਰਾਈਡੈਂਟ ਲਿਮਟਿਡ ਨੇ ਚਾਲੂ ਵਿੱਤੀ ਵਰ੍ਹੇ ਦੀ 30 ਸਤੰਬਰ 2021 ਨੂੰ ਸਮਾਪਤ ਹੋਈ ਦੂਜੀ ਤਿਮਾਹੀ ਦੀ ਵਿੱਤੀ ਰਿਪੋਰਟ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਵਿਕਰੀ ਅਤੇ ਲਾਭ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ ਜਦਕਿ ਕਰਜ਼ਾ ਘਟਿਆ ਹੈ।
ਕੰਪਨੀ ਨੇ ਵਿੱਤੀ ਸਾਲ 2021 ਦੀ ਦੂਜੀ ਤਿਮਾਹੀ ਤੱਕ ਦੀ ਉੱਚਤਮ ਤਿਮਾਹੀ ਆਮਦਨ 16,726.7 ਮਿਲੀਅਨ ਰੁਪਏ ਦਰਜ ਕੀਤੀ ਹੈ। ਦੂਸਰੀ ਤਿਮਾਹੀ ਵਿੱਚ ਕੰਪਨੀ ਨੇ 24.7 ਫ਼ੀਸਦੀ ਦੇ ਈ.ਬੀ.ਆਈ.ਟੀ.ਡੀ.ਏ. ਦੇ ਨਾਲ ਹਾਸਲ ਕਰਨ ਮਗਰੋਂ 4,129.2 ਮਿਲੀਅਨ ਦਾ ਹੁਣ ਤੱਕ ਦਾ ਸਭ ਤੋਂ ਉੱਚਤਮ ਤਿਮਾਹੀ ਵਾਧਾ ਦਰਜ ਕੀਤਾ ਹੈ। ਦੂਜੀ ਤਿਮਾਹੀ ਵਿੱਚ ਕੰਪਨੀ ਦਾ ਕਰਜ਼ਾ ਘਟ ਕੇ 10,453.9 ਮਿਲੀਅਨ ਰੁਪਏ ਰਹਿ ਗਿਆ ਹੈ।
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਪਿਛਲੇ ਤਿਮਾਹੀ ਵਿੱਚ ਸਕਾਰਤਮਕ ਗਤੀ ਜਾਰੀ ਰੱਖੀ ਗਈ ਸੀ ਤੇ ਦੂਜੀ ਤਿਮਾਹੀ ਵਿੱਚ ਕੰਪਨੀ ਨੇ ਸਰਬੋਤਮ ਪ੍ਰਦਰਸ਼ਨ ਕਰਕੇ ਲਾਭ ਅਤੇ ਵਿਕਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ। ਰਿਪੋਰਟ ਮੁੁਤਾਬਕ ਸਾਲ ਦੀ ਦੂਜੀ ਤਿਮਾਹੀ ਵਿੱਚ ਟੈਕਸਾਂ ਦੇ ਭੁਗਤਾਨ ਮਗਰੋਂ 2,288 ਮਿਲੀਅਨ ਰੁਪਏ ਦਾ ਲਾਭ ਦਰਜ ਕੀਤਾ ਗਿਆ ਅਤੇ 13.7 ਪ੍ਰਤੀਸ਼ਤ ਦਾ ਪੀਏਟੀ ਮਾਰਜ਼ਨ ਵਧਿਆ ਹੈ। ਕੰਪਨੀ ਦੀ ਕੁੱਲ ਆਮਦਨ ਵਿੱਚ 42.4 ਫ਼ੀਸਦੀ ਅਤੇ ਈਬੀਆਈਟੀਡੀਏ ਵਿੱਚ 18.2 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ ਅਤੇ ਕਰ ਉਪਰੰਤ ਲਾਭ 128.3 ਪ੍ਰਤੀਸ਼ਤ ਦੇ ਵਾਧੇ ਨਾਲ 1002.4 ਮਿਲੀਅਨ ਰੁਪਏ ਹੋ ਗਿਆ ਹੈ। ਕੰਪਨੀ ਦੇ ਟੈਕਸਟਾਈਲ ਸੈੱਗਮੈਂਟ ਦੀ ਆਮਦਨ ਸਤੰਬਰ ਤਿਮਾਹੀ ਵਿੱਚ 14,067.4 ਮਿਲੀਅਨ ਰੁਪਏ ਹੋ ਗਈ ਹੈ। ਕੰਪਨੀ 29 ਅਕਤੂਬਰ ਤੱਕ ਦੇ ਰਿਕਾਰਡ ਸ਼ੇਅਰ ਹੋਲਡਰਾਂ ਨੂੰ 36 ਫ਼ੀਸਦੀ ਡਿਵੀਡੈਂਡ ਲਾਭ ਦਿੱਤਾ ਜਾਵੇਗਾ।
ਫੋਟੋ ਕੈਪਸ਼ਨ-ਟਰਾਈਡੈਂਟ ਦੇ ਚੇਅਰਮੈਨ ਰਾਜਿੰਦਰ ਗੁਪਤਾ