ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 10 ਦਸੰਬਰ
ਇੱਥੋਂ ਦੇ ਰੇਲਵੇ ਫਾਟਕ ਨੇੜੇ ਅੱਜ ਝੋਨੇ ਦੀ ਭਰੀ ਇਕ ਟਰਾਲੀ ਪਲਟ ਗਈ। ਇਸ ਦੌਰਾਨ ਭਾਵੇਂ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਮੰਡੀ ਦੇ ਅੰਦਰ ਜਾਣ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਟਰੈਕਟਰ ਡਰਾਈਵਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਕਾਲਾਂਵਾਲੀ ਦੀ ਪੁਰਾਣੀ ਮੰਡੀ ਦੇ ਫਾਟਕ ਕੋਲੋਂ ਆਪਣਾ ਟਰੈਕਟਰ-ਟਰਾਲੀ ਲੈ ਕੇ ਅੱਗੇ ਜਾ ਰਿਹਾ ਸੀ ਤਾਂ ਵੱਡਾ ਸਪੀਡ ਬਰੇਕਰ ਹੋਣ ਕਾਰਨ ਸੜਕ ਉੱਤੇ ਉਸ ਦੀ ਝੋਨੇ ਨਾਲ ਭਰੀ ਟਰਾਲੀ ਪਲਟ ਗਈ। ਇਸ ਦੌਰਾਨ ਉਸ ਦਾ ਅਤੇ ਕੋਲੋਂ ਲੰਘ ਰਹੇ ਰਾਹਗੀਰਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਮੰਡੀ ਕਾਲਾਂਵਾਲੀ ਦੇ ਸਮਾਜ ਸੇਵੀ ਸੁਰੇਸ਼ ਪ੍ਰਿੰਸ ਨੇ ਦੱਸਿਆ ਕਿ ਰੇਲਵੇ ਫਾਟਕ ਕੋਲ ਰੇਲਵੇ ਵਿਭਾਗ ਵੱਲੋਂ ਬਣਾਇਆ ਗਿਆ ਇਹ ਵੱਡਾ ਸਪੀਡ ਬਰੇਕਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵੱਲੋ ਬਣਾਏ ਗਏ ਇਸ ਸਪੀਡ ਬਰੇਕਰ ਦੀ ਉਚਾਈ ਲੋੜੋਂ ਵੱਧ ਹੋਣ ਕਾਰਨ ਨਿੱਤ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਪੀਡ ਬਰੇਕਰ ਸਬੰਧੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਕਿ ਇਸ ਦੀ ਉਚਾਈ ਘੱਟ ਕੀਤੀ ਜਾਵੇ ਤਾਂ ਜੋ ਇੱਥੇ ਰੋਜ਼ ਵਾਪਰ ਰਹੇ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ।