ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਇਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਰੇਤਾ ਨਿਕਾਸੀ ਲਈ ਸਤਲੁਜ ਨੇੜਲੇ ਪਿੰਡਾਂ ਦੀਆਂ ਓਵਰਲੋਡ ਟਿੱਪਰ-ਟਰਾਲੀਆਂ ਨਾਲ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਪਿੰਡ ਢੋਲੇਵਾਲਾ ਤੇ ਹੋਰਨਾਂ ਪਿੰਡਾਂ ਦੇ ਲੋਕਾਂ ਨਾਲ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਰੇਤ ਨਾਲ ਭਰੀਆਂ ਟਰਾਲੀਆਂ ਅਤੇ ਓਵਰਲੋਡ ਟਿੱਪਰਾਂ ਦੀ ਅਚਾਨਕ ਵਧੀ ਟ੍ਰੈਫਿਕ ਅਤੇ ਸੜਕਾਂ ਦੇ ਨੁਕਸਾਨ ਖ਼ਿਲਾਫ਼ ਲੋਕ ਡਟ ਗਏ ਹਨ।
ਲੋਕਾਂ ਨੇ ਪਿੰਡ ਦੇ ਵਿੱਚੋਂ ਲੰਘਦੀ ਲਿੰਕ ਰੋਡ ਜਾਮ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੇਤ ਮਾਫੀਆ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਵੇਰਵਿਆਂ ਅਨੁਸਾਰ ਜਲੰਧਰ ਪ੍ਰਸ਼ਾਸਨ ਵੱਲੋਂ ਨਿਲਾਮ ਕੀਤੀ ਗਈ ਪਿੱਪਲੀ ਖੱਡ ’ਚੋਂ ਰੇਤ ਦੀ ਨਿਕਾਸੀ ਦੀ ਢੋਆ ਢੁਆਈ ਲਈ ਮੋਗਾ ਜ਼ਿਲ੍ਹੇ ਦੇ ਪਿੰਡਾਂ ਢੋਲੇਵਾਲਾ, ਸ਼ੇਰਪੁਰ ਤਾਇਬਾਂ, ਬੱਗੇ, ਕੰਨੀਆਂ, ਸ਼ੇਰੇਵਾਲਾ ਆਦਿ ਰਾਹੀਂ ਹੋ ਕੇ ਲੰਘਦੇ ਹਨ। ਵਧੀ ਟਰੈਫ਼ਿਕ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ।
ਇਸ ਮੌਕੇ ਬੀਕੇਯੂ ਰਾਜੇਵਾਲ ਆਗੂ ਸੁਖਵਿੰਦਰ ਸਿੰਘ ਬ੍ਰਾਹਮਕੇ, ਜਸਵਿੰਦਰ ਸਿੰਘ ਬਾਠ ਤੇ ਝਿਰਮਲ ਸਿੰਘ ਢੋਲੇਵਾਲਾ ਨੇ ਦੱਸਿਆ ਕਿ ਓਵਰਲੋਡ ਟਿੱਪਰ-ਟਰਾਲੀਆਂ ਨਾਲ ਸੜਕਾਂ ਦੀ ਹਾਲਤ ਬੱਦ ਤੋਂ ਬੱਦਤਰ ਹੋ ਗਈ ਹੈ। ਜਿਸ ਸੜਕ ਤੋਂ ਓਵਰਲੋਡ ਟਿੱਪਰ ਟਰਾਲੀ ਲੰਘਦੇ ਹਨ ਉਹ ਸੜਕ ਸਕੂਲ ਨੂੰ ਜਾਂਦੀ ਹੈ ਤੇ ਥਾਂ ਥਾਂ ਤੋਂ ਟੁੱਟਣ ਕਾਰਨ ਬੱਚਿਆਂ ਨੂੰ ਸਕੂਲ ਜਾਣਾ ਮੁਸ਼ਕਲ ਹੋ ਗਿਆ ਹੈ। ਇਸ ਕਰਕੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੇਤ ਖਣਨ ਠੇਕੇਦਾਰ ਸੜਕ ਦੀ ਮੁਰੰਮਤ ਵੀ ਨਹੀਂ ਕਰਨ ਦੇ ਰਿਹਾ।
ਉਨ੍ਹਾਂ ਦਾਅਵਾ ਕੀਤਾ ਕਿ ਦਿਨ ਰਾਤ ਲੱਗੇ ਟਿੱਪਰ ਸੜਕਾਂ ਦਾ ਸੱਤਿਆਨਾਸ ਕਰ ਰਹੇ ਹਨ। ਜਿਸ ਕਾਰਨ ਪੇਂਡੂ ਖੇਤਰ ਦੀ ਹਲਕੀ ਆਵਾਜਾਈ ਲਈ ਉਸਾਰੀਆਂ ਗਈਆਂ ਲਿੰਕ ਸੜਕਾਂ ਦਮ ਤੋੜ ਰਹੀਆਂ ਹਨ ਤੇ ਇਨ੍ਹਾਂ ਸੜਕਾਂ ਤੋਂ ਲੰਘਣ ਵਾਲੇ ਭੋਲੇ ਭਾਲੇ ਪੇਂਡੂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਓਵਰਲੋਡ ਟਿੱਪਰ ਆਦਿ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਜਾਵੇ, ਨਹੀਂ ਤਾਂ ਉਹ ਹਰ ਤਰ੍ਹਾਂ ਦੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ।
ਠੇਕੇਦਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸ਼ਿਕਾਇਤ
ਉਧਰ ਠੇਕੇਦਾਰ ਸੁਮਿਤ ਤਨੇਜਾ ਨੇ ਡਿਪਟੀ ਕਮਿਸ਼ਨਰ ਜਲੰਧਰ ਅਤੇ ਮੋਗਾ ਨੂੰ ਸ਼ਿਕਾਇਤ ਰਾਹੀਂ ਦੋਸ਼ ਲਗਾਇਆ ਹੈ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਰੇਤ ਨਾਲ ਭਰੇ ਟਿੱਪਰ ਆਦਿ ਨਹੀਂ ਲੰਘਣ ਦਿੱਤੇ ਜਾ ਰਹੇ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਜਲੰਧਰ ਵੱਲੋਂ 31 ਮਾਰਚ ਨੂੰ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਠੇਕੇਦਾਰ ਦੀ ਸ਼ਿਕਾਇਤ ਅਤੇ ਪੱਤਰ ਰਾਹੀਂ ਜਨਹਿਤ ਵਿੱਚ ਰੇਤਾ ਨਿਕਾਸੀ ਪ੍ਰਬੰਧਾਂ ਲਈ ਢੁਕਵੀਂ ਕਾਰਵਾਈ ਕਰਨ ਲਈ ਕਿਹਾ ਹੈ।