ਜੋਗਿੰਦਰ ਸਿੰਘ ਮਾਨ
ਮਾਨਸਾ, 2 ਨਵੰਬਰ
ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਕੇਂਦਰ ਦੇ ਕਿਸਾਨ ਵਿਰੋਧੀ ਰਵੱਈਏ ਕਾਰਨ ਮਾਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਅਤੇ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ ਸਮੇਤ ਹੋਰ ਵਰਗਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਲੇ ਦੀ ਸਪਲਾਈ ਨਾ ਹੋਣ ਕਾਰਨ ਜਿੱਥੇ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ,ਉਥੇ ਸੂਬੇ ਵਿਚ ਬਾਰਦਾਨੇ ਦੀ ਕਮੀ ਕਾਰਨ ਵੀ ਝੋਨੇ ਦੀ ਖਰੀਦ ਪ੍ਰਭਾਵਤ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ 22.05 ਕਰੋੜ ਬੋਰੀਆਂ ਮਾਲ ਗੱਡੀਆਂ ਨਾ ਚੱਲਣ ਕਾਰਨ ਦਿੱਲੀ ਅਤੇ ਮੁਰਾਦਾਬਾਦ ਵਿਖੇ ਪਈਆਂ ਹਨ ਤੇ ਪੰਜਾਬ ਦਾ ਕਿਸਾਨ ਕੇਂਦਰ ਦੇ ਮਾੜੇ ਰਵੱਈਏ ਕਾਰਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ।ਇਸ ਦੇ ਨਾਲ ਹੀ ਕੱਚਾ ਮਾਲ ਨਾ ਆਉਣ ਕਾਰਨ ਸਨਅਤੀ ਖੇਤਰ ਵੀ ਪ੍ਰਭਾਵਤ ਹੋ ਰਿਹਾ ਹੈ ਤੇ ਸੂਬੇ ਵਿੱਚ ਆਰਥਿਕ ਸੰਕਟ ਹੋਰ ਗੰਭੀਰ ਹੋਣ ਦਾ ਖਦਸ਼ਾ ਵੀ ਬਣ ਗਿਆ ਹੈ।
ਸ੍ਰੀ ਮੋਫ਼ਰ ਨੇ ਕਿਹਾ ਕਿ ਕੇਂਦਰ ਦੇ ਰਵੱਈਏ ਕਾਰਨ ਬਾਰਦਾਨਾ ਪੰਜਾਬ ਨਹੀਂ ਪੁੱਜ ਰਿਹਾ ਹੈ ਤੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਦ ਦੀ ਸਪਲਾਈ ਵੀ ਮਾਲ ਗੱਡੀਆਂ ‘ਤੇ ਨਿਰਭਰ ਹੋਣ ਕਾਰਨ, ਯੂਰੀਆ ਅਤੇ ਡੀਏਪੀ ਦਾ ਸੰਕਟ ਬਣਨ ਦੇ ਆਸਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਰੇਲਵੇ ਟ੍ਰੈਕ ਖਾਲੀ ਕਰਨ ਤੋਂ ਬਾਅਦ ਕੇਂਦਰ ਵੱਲੋਂ ਰੇਲਵੇ ਟ੍ਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾਕੇ ਮਾਲ ਗੱਡੀਆਂ ਦੀ ਪੰਜਾਬ ’ਚ ਆਵਾਜਾਈ ਰੋਕ ਦਿੱਤੀ ਗਈ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ, ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਰੇਲ ਟ੍ਰਾਂਸਪੋਰਟ ਨਾਲ ਜੁੜੇ ਵਰਗਾਂ ਨੂੰ ਭੁਗਤਣਾ ਪੈ ਰਿਹਾ ਹੈ।