ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 15 ਜੂਨ
ਲੰਬੀ ਹਲਕੇ ਦੀ ਟਰੱਕ ਯੂਨੀਅਨ ਕਿੱਲਿਆਂਵਾਲੀ ’ਤੇ ਕਬਜ਼ੇਕਾਰੀ ਖਿਲਾਫ਼ ਪੀੜਤ ਟਰੱਕ ਅਪਰੇਟਰਾਂ ਦੀ ਆਵਾਜ਼ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਜ਼ਰੀਏ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿੱਲੀ ਦਰਬਾਰ ਤੱਕ ਪੁੱਜ ਗਈ ਹੈ। ਯੂਨੀਅਨ ਦੇ ਟਰਾਂਸਪੋਰਟਰਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਨਾਲ ਡੱਬਵਾਲੀ ’ਚ ਨਗਰ ਪਰਿਸ਼ਦ ਚੋਣਾਂ ਦੇ ਪ੍ਰਚਾਰ ਦੌਰਾਨ ਮੁਲਾਕਾਤ ਕੀਤੀ। ਇਸ ਯੂਨੀਅਨ ਦੇ ਸੈਂਕੜੇ ਟਰਾਂਸਪੋਰਟਰਾਂ ਵਿੱਚੋਂ 70 ਫ਼ੀਸਦੀ ਡੱਬਵਾਲੀ ਸ਼ਹਿਰ ਨਾਲ ਸਬੰਧਤ ਹਨ। ਟਰੱਕ ਅਪਰੇਟਰ ਰਾਜਪਾਲ ਸੱਚਦੇਵਾ, ਕਿਸ਼ੋਰ ਚੰਦ ਗੋਇਲ, ਰਾਜਾ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ, ਬਹਾਦਰ ਬਾਗੜੀ, ਜਰਨੈਲ ਸਿੰਘ ਡੱਫ਼ੂ ਅਤੇ ਹੋਰਨਾਂ ‘ਤੇ ਆਧਾਰਤ ਵਫ਼ਦ ਨੇ ਅਸ਼ੋਕ ਤੰਵਰ ਨੂੰ ਉਨ੍ਹਾਂ ਦੇ ਰੁਜ਼ਗਾਰ ’ਤੇ ਸਿਆਸੀ ‘ਕਬਜ਼ੇਕਾਰੀ’ ਦੀ ਵਿੱਥਿਆ ਸੁਣਾਈ। ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠਲੇ ‘ਬਦਲਾਅ’ ਤਹਿਤ ਟਰੱਕ ਅਪਰੇਟਰਾਂ ਨੂੰ ਯੂਨੀਅਨ ਦਾ ਕਬਜ਼ੇਕਾਰੀ ਤੋਂ ਛੁਟਕਾਰਾ ਮਿਲਣ ਦੀ ਆਸ ਬੱਝੀ ਸੀ ਜੋ ਸਰਕਾਰ ਬਣਨ ਦੇ ਦੋ ਹਫ਼ਤਿਆਂ ਅੰਦਰ ਹੀ ਢਹਿ-ਢੇਰੀ ਹੋ ਗਈ। ਟਰੱਕ ਅਪਰੇਟਰਾਂ ਨੇ ਦੱਸਿਆ ਕਿ ਕਬਜ਼ੇਕਾਰੀ ਤਹਿਤ ਟਰਾਂਸਪੋਰਟ ਕਿੱਤੇ ਨਾਲ ਕੋਈ ਸਬੰਧ ਨਾ ਹੋਣ ਵਾਲੇ ਵਿਅਕਤੀ ਨੂੰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ ਗਿਆ। ਅਪਰੇਟਰਾਂ ਨੇ ਸਾਬਕਾ ਸੰਸਦ ਮੈਂਬਰ ਨੂੰ ਟਰੱਕ ਯੂਨੀਅਨ ’ਤੇ ਕਬਜ਼ੇ ਨਾਲ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋਣ ਅਤੇ ਡੱਬਵਾਲੀ ਚੋਣਾਂ ’ਚ ਵੱਡੇ ਨੁਕਸਾਨ ਦੀ ਜ਼ਮੀਨੀ ਸਥਿਤੀ ਵੀ ਦੱਸੀ।
ਸ੍ਰੀ ਤੰਵਰ ਨੇ ਸਮੁੱਚੀ ਕਾਰਗੁਜ਼ਾਰੀ ਨੂੰ ‘ਆਪ’ ਦੇ ਅਸੂਲਾਂ ਖਿਲਾਫ਼ ਦੱਸਦੇ ਟਰੱਕ ਯੂਨੀਅਨ ‘ਤੇ ਕਬਜ਼ੇਕਾਰੀ ਦਾ ਮਾਮਲਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ। ਰਾਜਪਾਲ ਸੱਚਦੇਵਾ ਨੇ ਦੋਸ਼ ਲਾਇਆ ਕਿ ਫ਼ਸਲ ਲੋਡਿੰਗ ’ਚ ਅਪਰੇਟਰਾਂ ਦੀ ਖੂਨ ਪਸੀਨੇ ਦੀ ਕਰੀਬ ਢਾਈ-ਤਿੰਨ ਕਰੋੜ ਰੁਪਏ ਦੀ ਸਾਲਾਨਾ ਆਮਦਨ ’ਤੇ ਸੁਸਾਇਟੀ ਦੀ ਓਟ ’ਚ ਕਬਜ਼ਾ ਕੀਤਾ ਜਾ ਰਿਹਾ ਹੈ ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ।