ਪੱਤਰ ਪ੍ਰੇਰਕ
ਮਾਨਸਾ, 5 ਜੂਨ
ਅਤਿ ਦੀ ਗਰਮੀ ਅਤੇ ਔੜ ਕਾਰਨ ਮਾਲਵਾ ਪੱਟੀ ਵਿੱਚ ਚੱਤੋ ਪਹਿਰ ਟਿਊਬਵੈੱਲ ਚੱਲਣ ਲੱਗੇ ਹਨ। ਕਿਸਾਨ ਲਹੂ ਦੀਆਂ ਘੁੱਟਾਂ ਨਾਲ ਆਪਣੀਆਂ ਫ਼ਸਲਾਂ ਬਚਾਉਣ ਲਈ ਰੁੱਝ ਗਏ ਹਨ। ਗਰਮੀ ਦੇ ਕਹਿਰ ਤੋਂ ਫ਼ਸਲ ਬਚਾਉਣ ਲਈ ਮਹਿੰਗੇ ਮੁੱਲ ਦਾ ਡੀਜ਼ਲ ਮੱਚਣ ਲੱਗਿਆ ਹੈ।ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਗਰਮੀ ਦਾ ਕਹਿਰ ਵਧਣ ਕਾਰਨ ਨਰਮੇ ਤੇ ਕਪਾਹ ਦੀ ਨਰੋਈ ਫ਼ਸਲ ਵੀ ਲੂ ਕਾਰਨ ਮਰਝਾਉਣੀ ਸ਼ੁਰੂ ਹੋ ਗਈ ਹੈ ਅਤੇ ਪਸ਼ੂਆਂ ਲਈ ਬੀਜਿਆਂ ਹਰਾ-ਚਾਰਾ ਵੀ ਸੁੱਕਣ ਲੱਗਿਆ ਹੈ। ਕਈ ਥਾਵਾਂ ਉੱਤੇ ਸਬਜ਼ੀਆਂ ਦੀਆਂ ਵੇਲਾਂ ਵੀ ਸੁੱਕ ਗਈਆਂ ਹਨ।
ਪੂਰੇ ਹਫ਼ਤੇ ਤੋਂ ਇਸ ਖਿੱਤੇ ਵਿੱਚ ਉਤਰ-ਪੱਛਮੀ ਗਰਮ ਹਵਾਵਾਂ ਚੱਲਣ ਕਰ ਕੇ ਤਾਪਮਾਨ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕਈ ਦਿਨਾਂ ਦਾ ਤਾਪਮਾਨ 45-46 ਡਿਗਰੀ ਸੈਂਟੀਗਰੇਡ ਦੇ ਨੇੜੇ-ਤੇੜੇ ਚੱਲ ਰਿਹਾ ਹੈ। ਫ਼ਿਲਹਾਲ ਮੌਨਸੂਨ ਦੇ ਆਉਣ ਦੀਆਂ ਭਾਵੇਂ ਮੌਸਮ ਮਹਿਕਮੇ ਦੇ ਮਾਹਿਰਾਂ ਵੱਲੋਂ ਕੋਈ ਭਵਿੱਖਬਾਣੀਆਂ ਨਹੀਂ ਕੀਤੀਆਂ ਗਈਆਂ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੌਨਸੂਨ ਨੂੰ ਹੋਰ ਸਮਾਂ ਨਹੀਂ ਉਡੀਕ ਸਕਦੇ ਕਿਉਂਕਿ ਜਦੋਂ ਨੂੰ ਅੰਬਰੋਂ ਪਾਣੀ ਡਿੱਗਣਾ ਹੈ, ਉਦੋਂ ਤੱਕ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਸੁੱਕ ਜਾਣਗੀਆਂ। ਉਂਝ ਕਿਸਾਨਾਂ ਦਾ ਕਹਿਣਾ ਹੈ ਕਿ ਮੌਨਸੂਨ ਅਜੇ ਦੂਰ ਹੋਣ ਕਰ ਕੇ ਇਸ ਕਹਿਰ ਦੀ ਗਰਮੀ ਤੋਂ ਫ਼ਿਲਹਾਲ ਰਾਹਤ ਦੀ ਵੀ ਕੋਈ ਆਸ ਨਹੀਂ ਹੈ, ਜਿਸ ਕਰ ਕੇ ਉਹ ਆਪਣੀਆਂ ਫ਼ਸਲਾਂ ਦੀ ਸਲਾਮਤੀ ਲਈ ਯਤਨ ਕਰ ਰਹੇ ਹਨ।
ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਨੂੰ ਬਚਾਉਣ ਲਈ ਪਾਵਰਕੌਮ ਵੱਲੋਂ ਵੱਧ ਸਮਾਂ ਬਿਜਲੀ ਦੇਣ ਦੀ ਲੋੜ ਹੈ ਤਾਂ ਕਿ ਕਿਸਾਨ ਆਪਣੀ ਫ਼ਸਲ ਨੂੰ ਪਾਣੀ ਦੇ ਕੇ ਸੜਨ ਤੋਂ ਬਚਾਅ ਸਕੇ। ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਮਹਿੰਗੇ ਭਾਅ ਉਤੇ ਲਏ ਬੀਟੀ ਕਾਟਨ ਦਾ ਬੀਜ ਸੜਨ ਕਰ ਕੇ, ਜੋ ਖੇਤ ਖਾਲੀ ਹੋ ਰਹੇ ਹਨ, ਉੱਥੇ ਨਵੇਂ ਸਿਰੇ ਤੋਂ ਨਰਮਾ ਬੀਜਣ ਲਈ ਸਰਕਾਰ ਨੂੰ ਮੁਫ਼ਤ ਬੀਜ ਦਾ ਬੰਦੋਬਸਤ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਤੇਜ਼ ਗਰਮੀ ਕਾਰਨ ਫ਼ਸਲਾਂ ਨੇ ਮਰਝਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰ ਕੇ ਫ਼ਸਲਾਂ ਨੂੰ ਬਚਾਉਣ ਲਈ ਤੁਰੰਤ 12 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇ।
ਫ਼ਸਲਾਂ ਨੂੰ ਪਾਣੀ ਦੇਣ ਕਿਸਾਨ: ਮਾਹਿਰ
ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਵੱਧ ਗਰਮੀ ਪੈਣ ਕਾਰਨ ਹਰੇ-ਚਾਰੇ, ਸਬਜ਼ੀਆਂ ਸਣੇ ਨਰਮੇ ਨੂੰ ਹਲਕਾ ਪਾਣੀ ਦੇਣ ਦਾ ਉਪਰਾਲਾ ਕਰਨ।