ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਦੌਰਾਨ ਇਸ ਵਾਰ ਮਾਲਵਾ ਦੀਆਂ ਜਾਈਆਂ ਪੂਰੇ ਪੰਜਾਬ ਭਰ ਵਿੱਚ ਛਾ ਗਈਆਂ ਹਨ। ਨਤੀਜਿਆਂ ਦੌਰਾਨ ਫਿਰ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀ ਝੰਡੀ ਰਹੀ ਹੈ। ਇਸ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਨੇ 99.40 ਪ੍ਰਤੀਸ਼ਤ ਨੰਬਰ ਲੈ ਕੇ ਰਾਜ ਭਰ ਵਿਦੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਬੇਸ਼ੱਕ ਅਰਸ਼ਪ੍ਰੀਤ ਕੌਰ ਦੇ ਨੰਬਰ ਵੀ ਪਹਿਲੇ ਸਥਾਨ ’ਤੇ ਰਹੀ ਅਰਸ਼ਦੀਪ ਕੌਰ ਦੇ ਬਰਾਬਰ ਹਨ, ਪਰ ਜਨਮ ਤਾਰੀਕ ਘੱਟ ਕਾਰਨ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ ਨੂੰ ਪਹਿਲੇ ਸਥਾਨ ’ਤੇ ਐਲਾਨਿਆ ਗਿਆ ਹੈ।
ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪੰਜਾਬ ਭਰ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਤਿੰਨੇ ਵਿਦਿਆਰਥਣਾਂ ਦੇ ਅੰਕ 99.40 ਪ੍ਰਤੀਸ਼ਤ ਹਨ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਮੁਤਾਬਕ ਜਦੋਂ ਵਿਦਿਆਰਥੀਆਂ ਦੇ ਨੰਬਰ ਬਰਾਬਰ ਆ ਜਾਣ ਤਾਂ ਘੱਟ ਜਨਮ ਤਾਰੀਕ ਵਾਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਸੇ ਨਿਯਮਾਂ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਅਰਸ਼ਦੀਪ ਕੌਰ ਪਹਿਲੇ, ਮਾਨਸਾ ਜ਼ਿਲ੍ਹੇ ਦੀ ਅਰਸਪ੍ਰੀਤ ਕੌਰ ਬੱਛੋਆਣਾ ਨੂੰ ਦੂਜੇ ਸਥਾਨ ਅਤੇ ਫਰੀਦਕੋਟ ਜ਼ਿਲ੍ਹੇ ਦੀ ਕੁਲਵਿੰਦਰ ਕੌਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੂੰ ਤੀਸਰੇ ਸਥਾਨ ਲਈ ਘੋਸ਼ਿਤ ਕੀਤਾ ਗਿਆ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਵੀਂ ਜਮਾਤ ਦੇ ਇਸ ਵਾਰ ਆਏ ਨਤੀਜੇ ਦੌਰਾਨ ਵੀ ਮਾਨਸਾ ਜ਼ਿਲ੍ਹੇ ਨੇ ਬਾਜੀ ਮਾਰੀ ਸੀ, ਜਦੋਂਕਿ ਧਰਮਪੁਰਾ ਸਕੂਲ ਦੀ ਬੱਚੀ ਪੰਜਾਬ ਭਰ ਵਿੱਚੋਂ ਮੋਹਰੀ ਰਹੀ ਸੀ। ਪਿਛਲੇ ਸਮੇਂ ਦੌਰਾਨ ਵੀ ਬੁਢਲਾਡਾ, ਬਾਜੇਵਾਲਾ ਸਕੂਲ ਦੀਆਂ ਲੜਕੀਆਂ ਨੇ ਬਾਰਵੀਂ ਜਮਾਤ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕੀਤੇ ਸਨ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਐਲੀਮੈਂਟਰੀ ਸੰਜੀਵ ਕੁਮਾਰ ਗੋਇਲ, ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਬਾਰਵੀਂ ਜਮਾਤ ਦੇ ਆਏ ਨਤੀਜੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਵੱਲੋਂ ਪੰਜਾਬ ਭਰ ਚੋਂ ਨਾਮਣਾ ਖੱਟਣ ’ਤੇ ਮਾਣ ਮਹਿਸੂਸ ਕੀਤਾ ਹੈ। ਉਨ੍ਹਾਂ ਨੇ ਇਸ ਦਾ ਸਿਹਰਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਿਰ ਬੰਨ੍ਹਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਅਰੋੜਾ ਤੇ ਜਮਾਤ ਇੰਚਾਰਜ ਨੇ ਮਾਣ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਕੁਲਵਿੰਦਰ ਕੌਰ ਨੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ
ਜੈਤੋ (ਸ਼ਗਨ ਕਟਾਰੀਆ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰਵ੍ਹੀਂ ਜਮਾਤ ਦੇ ਐਲਾਨੇ ਨਤੀਜਿਆਂ ’ਚ ਇਥੋਂ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ 497/500 (99.40%) ਅੰਕ ਲੈ ਕੇ ਪੰਜਾਬ ਭਰ ’ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਦੌਰਾਨ ਲੋਕਾਂ ਵੱਲੋਂ ਘਰ ਆ ਕੇ ਵਧਾਈਆਂ ਦੇਣ ਦਾ ਤਾਂਤਾ ਲੱਗਾ ਰਿਹਾ। ਵਾਰਡ ਨੰ. 15 ਦੇ ਵਸਨੀਕ ਪਿਤਾ ਬਲਵੀਰ ਸਿੰਘ ਤੇ ਮਾਤਾ ਸੁਖਪ੍ਰੀਤ ਕੌਰ ਦੀ ਜਾਈ ਕੁਲਵਿੰਦਰ ਕੌਰ ਦਾ ਇਕ ਵੱਡਾ ਭਰਾ ਤੇ ਇਕ ਛੋਟੀ ਭੈਣ ਹੈ। ਕੁਲਵਿੰਦਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸ਼ੁਰੂ ਤੋਂ ਜਨੂੰਨ ਦੀ ਹੱਦ ਤੱਕ ਪੜ੍ਹ ਕੇ ਹਰ ਕਲਾਸ ’ਚੋਂ ਚੰਗੇ ਅੰਕ ਲੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਸਦੀ ਤਾਜ਼ਾ ਪ੍ਰਾਪਤੀ ਨਾਲ ਪਰਿਵਾਰ ਦਾ ਕੱਦ ਦੂਰ-ਦਰਾਜ ਤੱਕ ਉੱਚਾ ਹੋਇਆ ਹੈ। ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਇਸ ਪ੍ਰਾਪਤੀ ਦਾ ਸਿਹਰਾ ਮਾਪਿਆਂ, ਸਕੂਲ ਦੇ ਸਟਾਫ਼, ਸਹਿਪਾਠੀਆਂ ਤੇ ਸ਼ੁਭਚਿੰਤਕਾਂ ਸਿਰ ਬੰਨ੍ਹਦੀ ਹੈ।
ਫ਼ਿਰੋਜ਼ਪੁਰ ਦੀਆਂ 9 ਲੜਕੀਆਂ ਨੇ ਮੈਰਿਟ ਲਿਸਟ ’ਚ ਨਾਂ ਦਰਜ ਕਰਵਾਇਆ
ਫ਼ਿਰੋਜ਼ਪੁਰ (ਨਿੱਜੀ ਪੱਤਰ ਪੇ੍ਰਕ) ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਦੇ ਐਲਾਨੇ ਗਏ ਨਤੀਜੇ ਵਿਚ ਫ਼ਿਰੋਜ਼ਪੁਰ ਦੀਆਂ 9 ਲੜਕੀਆਂ ਨੇ ਪੰਜਾਬ ਦੀ ਮੈਰਿਟ ਲਿਸਟ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਹਾਲਾਂਕਿ ਜ਼ਿਲ੍ਹੇ ਦਾ ਬਾਰ੍ਹਵੀਂ ਜਮਾਤ ਦਾ ਇੱਕ ਵੀ ਲੜਕਾ ਸੂਬੇ ਦੀ ਮੈਰਿਟ ਸੂਚੀ ’ਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਇਸ ਜ਼ਿਲ੍ਹੇ ਦੇ 9822 ਵਿਦਿਆਰਥੀਆਂ ਨੇ ਬਾਰ੍ਹਵੀਂ ਦਾ ਇਮਤਿਹਾਨ ਦਿੱਤਾ ਸੀ ਜਿਸ ’ਚੋਂ 9482 ਵਿਦਿਆਰਥੀ ਪਾਸ ਹੋਏ ਹਨ। ਬੋਰਡ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦੀ ਵਿਦਿਆਰਥਣ ਮੁਸਕਾਨ ਨੇ 98.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਦੀ ਭਜਨਪ੍ਰੀਤ ਕੌਰ ਸਾਇੰਸ ’ਚੋਂ 98.4 ਫ਼ੀਸਦ ਨੰਬਰ ਲੈ ਕੇ ਦੂਜੇ ਸਥਾਨ ਤੇ ਸੀਕੇ ਸੀਨੀਅਰ ਸੈਕੰਡਰੀ ਸਕੂਲ ਦੀ ਵਿਸ਼ਾਲੀ 98.4 ਫ਼ਸੀਦ ਨੰਬਰ ਲੈ ਕੇ ਤੀਜੇ ਸਥਾਨ ਤੇ ਰਹੀ ਹੈ।
ਗੁਰਲੀਨ ਕੌਰ ਨੇ ਪੰਜਾਬ ਵਿੱਚੋਂ ਲਿਆ ਪੰਜਵਾਂ ਸਥਾਨ
ਭੁੱਚੋ ਮੰਡੀ (ਪੱਤਰ ਪ੍ਰੇਰਕ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚੋਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਤਰਨਜੀਤ ਸਿੰਘ ਨੇ 98.6 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਵਿੱਚੋਂ ਪੰਜਵਾਂ ਅਤੇ ਬਠਿੰਡਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਆਪਣਾ ਨਾਂ ਮੈਰਿਟ ਲਿਸਟ ਵਿੱਚ ਦਰਜ ਕਰਾਉਣ ਵਾਲੀ ਗੁਰਲੀਨ ਕੌਰ ਸਾਧਾਰਨ ਪਰਿਵਾਰ ਵਿੱਚੋਂ ਹੈ ਤੇ ਉਸ ਨੇ ਕੋਈ ਟਿਊਸ਼ਨ ਨਹੀਂ ਰੱਖੀ ਸੀ। ਉਸ ਨੇ ਸਖ਼ਤ ਮਿਹਨਤ ਸਦਕਾ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਮੈਡਮ ਬਲਵੀਰ ਕੌਰ ਨੇ ਵਧਾਈ ਦਿੰਦਿਆਂ ਗੁਰਲੀਨ ਕੌਰ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਇਸ ਪ੍ਰਾਪਤੀ ਲਈ ਸਮੂਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।