ਜਸਵੰਤ ਜੱਸ
ਫ਼ਰੀਦਕੋਟ, 8 ਸਤੰਬਰ
ਫ਼ਰੀਦਕੋਟ ਪੁਲੀਸ ਨੇ ਅਦਾਲਤ ਦਾ ਹੁਕਮ ਮਿਲਣ ਤੋਂ ਬਾਅਦ 12 ਸਾਲ ਬਾਅਦ ਇੱਕ ਨੌਜਵਾਨ ਖ਼ਿਲਾਫ਼ ਅਦਾਲਤੀ ਕਾਰਵਾਈ ਤੋਂ ਭਗੌੜੇ ਹੋਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਸਪੈਸ਼ਲ ਜੱਜ ਏ.ਕੇ. ਸਿੰਗਲਾ ਨੇ 8 ਮਈ 2009 ਨੂੰ ਲਖਵਿੰਦਰ ਸਿੰਘ ਵਾਸੀ ਫਰੀਦਕੋਟ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਭਗੌੜਾ ਐਲਾਨਣ ਦੇ ਹੁਕਮ ਦਿੱਤੇ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਦਿਨ ਪਹਿਲਾਂ ਮੁਲਜ਼ਮ ਖਿਲਾਫ਼ ਆਈਪੀਸੀ ਦੀ ਧਾਰਾ 229 ਤਹਿਤ ਮੁਕੱਦਮਾ ਦਰਜ ਕੀਤਾ ਹੈ।
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਸਦਰ ਪੁਲੀਸ ਕੋਟਕਪੂਰਾ ਨੇ ਅਦਾਲਤ ਦੇ ਹੁਕਮ ਤੋਂ 6 ਸਾਲ ਬਾਅਦ ਨਸ਼ਾ ਤਸਕਰੀ ਦੇ ਦੋਸ਼ ਵਿੱਚ ਭਗੌੜੇ ਹੋਏ ਨੌਜਵਾਨ ਰਛਪਾਲ ਸਿੰਘ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਪੁਲੀਸ ਨੇ ਹਰਪਾਲ ਸਿੰਘ ਵਾਸੀ ਉੱਤਰ ਪ੍ਰਦੇਸ਼ ਖ਼ਿਲਾਫ਼ ਅਦਾਲਤ ਦੇ ਹੁਕਮ ਤੋਂ 6 ਸਾਲਾਂ ਬਾਅਦ ਭਗੌੜਾ ਹੋਣ ਦਾ ਪਰਚਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਲਖਵੀਰ ਸਿੰਘ ਵਾਸੀ ਢਿੱਲਵਾਂ ਕਲਾਂ ਅਤੇ ਰਾਜਪਾਲ ਸਿੰਘ ਵਾਸੀ ਮੋਗਾ ਨੂੰ 6 ਸਾਲ ਬਾਅਦ ਭਗੌੜਾ ਐਲਾਨ ਕੇ ਪਰਚਾ ਦਰਜ ਕੀਤਾ ਹੈ। ਹਾਲਾਂਕਿ ਨਿਯਮਾਂ ਮੁਤਾਬਕ ਅਦਾਲਤ ਦੇ ਹੁਕਮ ਤੋਂ ਤੁਰੰਤ ਬਾਅਦ ਭਗੌੜੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਸੀ ਪਰੰਤੂ ਪੁਲੀਸ ਨੇ ਲੰਬਾ ਸਮਾਂ ਬੀਤਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਸੂਚਨਾ ਅਨੁਸਾਰ ਉਕਤ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋਇਆ ਸੀ ਪਰੰਤੂ ਜ਼ਮਾਨਤ ਮਿਲਣ ਤੋਂ ਬਾਅਦ ਇਹ ਨੌਜਵਾਨ ਫਰਾਰ ਹੋ ਗਏ ਸਨ ਅਤੇ ਅਦਾਲਤ ਨੇ ਇਨ੍ਹਾਂ ਨੌਜਵਾਨਾਂ ਨੂੰ ਭਗੌੜੇ ਐਲਾਨਦਿਆਂ ਇਨ੍ਹਾਂ ਖਿਲਾਫ਼ ਅਦਾਲਤ ਕਾਰਵਾਈ ਤੋਂ ਭੱਜਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ਵਿੱਚ ਪੁਲੀਸ ਅਜੇ ਤੱਕ ਦੋਵਾਂ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।