ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਦਸੰਬਰ
ਸਥਾਨਕ ਪੁਲੀਸ ਨੇ ਲੁਧਿਆਣਾ ਦੇ ਪ੍ਰਾਪਰਟੀ ਕਾਰੋਬਾਰੀ ਤੇ ਕੀਜ ਹੋਟਲ ਮਾਲਕ ਪੰਕਜ ਗੁਪਤਾ ਦੇ ਢਾਈ ਸਾਲ ਦੇ ਪੁੱਤਰ ਵਿਨਮਰ ਗੁਪਤਾ ਨੂੰ ਅਗਵਾ ਕਰਨ ਵਾਲੇ ਦੋੋ ਮੁੱਖ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਬੱਚੇ ਦੇ ਪਿਤਾ ਹੋਟਲ ਮਾਲਕ ਨੂੰ ਫ਼ਿਰੌਤੀ ਲਈ ਅਗਵਾ ਕਰਨ ਦੀ ਯੋਜਨਾ ਅਸਫ਼ਲ ਹੋਣ ਮਗਰੋਂ ਬੱਚੇ ਨੂੰ ਅਗਵਾ ਕੀਤਾ ਸੀ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਪੀ (ਜਾਂਚ) ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਕਾਰੋਬਾਰੀ ਪੰਕਜ ਗੁੁਪਤਾ ਦੇ ਨਿੱਜੀ ਡਰਾਈਵਰ ਹਰਜਿੰਦਰਪਾਲ ਸਿੰਘ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਪਿੰਡ ਝੋਟਿਆਂ ਵਾਲੀ (ਫਾਜ਼ਿਲਕਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਬੱਚੇ ਨੂੰ ਛੱਡਣ ਬਦਲੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਮੁਲਜ਼ਮ ਹਰਜਿੰਦਰਪਾਲ ਸਿੰਘ ਜੋ ਕਾਰੋਬਾਰੀ ਨੇ ਡਰਾਈਵਰ ਰੱਖਿਆ ਹੋਇਆ ਸੀ, ਵਿਰੁੱਧ ਵੱਖ ਵੱਖ ਰਾਜਾਂ ਵਿਚ ਕਈ ਕੇਸ ਦਰਜ ਹਨ। ਪੁਲੀਸ ਨੇ ਦੱਸਿਆ ਕਿ ਅਗਵਾ ਦੀ ਸਾਜ਼ਿਸ਼ ’ਚ ਸ਼ਾਮਲ ਰਛਪਾਲ ਸਿੰਘ ਸਾਬਕਾ ਸਰਪੰਚ ਪਿੰਡ ਮੱਲੂਵਾਲ ਬਾਣੀਆ (ਜ਼ੀਰਾ) ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮ ਬੱਚੇ ਨੂੰ ਅਗਵਾ ਕਰਨ ਬਾਅਦ ਸਾਰੀ ਰਾਤ ਗੱਡੀ ਵਿੱਚ ਹੀ ਲੈ ਕੇ ਘੁੰਮਦੇ ਰਹੇ। ਇਸ ਮੌਕੇ ਡੀਐੱਸਪੀ ਰਮਨਦੀਪ ਸਿੰਘ ਭੁੱਲਰ, ਡੀਐੱਸਪੀ ਜੰਗਜੀਤ ਸਿੰਘ, ਸੀਆਈਏ ਸਟਾਫ਼ ਇੰਚਾਰਚ ਇੰਸਪੈਕਟਰ ਤਰਲੋਚਨ ਸਿੰਘ,ਥਾਣਾ ਸਦਰ ਮੁਖੀ ਨਿਰਮਲਜੀਤ ਸਿੰਘ ਵੀ ਮੌਜੂਦ ਸਨ।