ਪੱਤਰ ਪ੍ਰੇਰਕ
ਗਿੱਦੜਬਾਹਾ, 13 ਅਕਤੂਬਰ
ਬੀਤੀ ਰਾਤ ਗਿੱਦੜਬਾਹਾ-ਮਲੋਟ ਸੜਕ ’ਤੇ ਸਥਿਤ ਪਿੰਡ ਥੇੜੀ ਨੇੜੇ ਸਕਾਰਪੀਓ ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਨੌਜਵਾਨ ਲੜਕੇ ਅਤੇ ਲੜਕੀ ਦੀ ਮੌਤ ਹੋ ਗਈ ਜਦੋਂਕਿ ਕਾਰ ਸਵਾਰ ਤਿੰਨ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲਾ ਗੋਪਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਕਾਰਪੀਓ ਕਾਰ ਨੰਬਰ ਪੀ.ਬੀ.52ਬੀ/1111 ਰਾਹੀਂ ਤਰਨ ਤਾਰਨ ਤੋਂ ਸ੍ਰੀਗੰਗਾਨਗਰ ਇਕ ਵਿਆਹ ਸਮਾਰੋਹ ਵਿਚ ਸ਼ਿਰਕਤ ਕਰਨ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਪਿੰਡ ਥੇੜੀ ਤੋਂ ਕੁਝ ਅੱਗੇ ਸੇਮ ਨਾਲੇ ਦੇ ਪੁਲ ਦੇ ਨਜ਼ਦੀਕ ਪੁੱਜੀ ਤਾਂ ਕਾਰ ਅੱਗੇ ਅਚਾਨਕ ਇਕ ਪਸ਼ੂ ਆ ਗਿਆ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੀ ਸੜਕ ’ਤੇ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ਸਵਾਰ ਗੋਪਿੰਦਰ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ, ਵਾਸੀ ਤਰਨ ਤਾਰਨ, ਰੁਪਿੰਦਰਜੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਵਾਸੀ ਮੋਹਣਪੁਰਾ (ਤਰਨਤਾਰਨ), ਨਵਜੋਤ ਕੌਰ ਪਤਨੀ ਗੋਪਿੰਦਰ ਸਿੰਘ, ਜੋਗਿੰਦਰ ਕੌਰ ਪਤਨੀ ਕੇਵਲ ਸਿੰਘ ਅਤੇ ਪਰਮਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਤਰਨ ਤਾਰਨ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਗਿੱਦੜਬਾਹਾ ਦੇ ਡੀ.ਐੱਸ.ਪੀ. ਜਸਵੀਰ ਸਿੰਘ ਪਨੂੰ ਮੌਕੇ ’ਤੇ ਪੁੱਜੇ ਉਨ੍ਹਾਂ ਰਾਹਤ ਫਾਊਂਡੇਸ਼ਨ ਦੇ ਅਨਮੋਲ ਜੁਨੇਜਾ ਬਬਲੂ, ਮੁਨੀਸ਼ ਵਰਮਾ ਤੇ ਐਂਬੂਲੈਂਸ ਚਾਲਕ ਕਾਲਾ ਚੌਧਰੀ ਅਤੇ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਦੀ ਮਦਦ ਨਾਲ ਜ਼ਖਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਗੰਭੀਰ ਜ਼ਖਮੀ ਗੋਪਿੰਦਰ ਸਿੰਘ, ਰੁਪਿੰਦਰਜੀਤ ਕੌਰ ਅਤੇ ਪਰਮਵੀਰ ਸਿੰਘ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਜਖਮੀਆਂ ਵਿਚੋਂ ਗੋਪਿੰਦਰ ਸਿੰਘ ਅਤੇ ਰੁਪਿੰਦਰਜੀਤ ਕੌਰ ਦੀ ਆਦੇਸ਼ ਹਸਪਤਾਲ, ਬਠਿੰਡਾ ਵਿਖੇ ਮੌਤ ਹੋ ਗਈ ਜਦੋਂਕਿ ਖਬਰ ਲਿਖੇ ਜਾਣ ਤੱਕ ਜ਼ਖਮੀ ਪਰਮਵੀਰ ਸਿੰਘ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਸੀ। ਹਾਦਸੇ ਤੋਂ ਬਾਅਦ ਬੇਸਹਾਰਾ ਪਸ਼ੂ ਦੀ ਵੀ ਮੌਤ ਹੋ ਗਈ ਜਦੋਂਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਗਿੱਦੜਬਾਹਾ ਪੁਲੀਸ ਨੇ ਮ੍ਰਿਤਕ ਗੋਪਿੰਦਰ ਸਿੰਘ ਅਤੇ ਰੁਪਿੰਦਰਜੀਤ ਕੌਰ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਲਦੀ ਕਾਰ ਨੂੰ ਅੱਗ ਲੱਗੀ਼, ਵਾਲ ਵਾਲ ਬਚੇ ਕਾਰ ਸਵਾਰ
ਹੰਡਿਆਇਆ (ਪੱਤਰ ਪ੍ਰੇਰਕ): ਇਥੇ ਚਲਦੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਵਿੱਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਬੀ.ਪੀ. ਪੈਟਰੋਲ ਪੰਪ ਹੰਡਿਆਇਆ ਨੇੜੇ ਅੰਬੈਸਡਰ ਕਾਰ ਨੰ: ਪੀ.ਬੀ. 23 ਈ 0404 ਰਾਮਪੁਰਾ ਤੋਂ ਵਿਆਹ ਸਮਾਗਮ ਵਿੱਚੋਂ ਸੰਗਰੂਰ ਆ ਰਹੇ ਸੀ ਤਾਂ ਪੈਟਰੋਲ ਪੰਪ ਉੱਪਰ ਰਾਤ ਨੂੰ ਤਕਰੀਬਨ 12:30 ਵਜੇ ਸੀ.ਐਨ.ਜੀ. ਗੈਸ ਪਵਾਉਣ ਲਈ ਰੁਕੇ ਪਰ ਇੱਥੇ ਸੀ.ਐੱਨ.ਜੀ. ਮੌਜੂਦ ਨਹੀਂ ਸੀ ਤਾਂ ਕਾਰ ਸਵਾਰਾਂ ਨੇ ਪੈਟਰੋਲ ਪਵਾ ਲਿਆ ਅਤੇ ਜਦੋਂ ਬਾਹਰ ਨਿਕਲਣ ਲੱਗੇ ਤਾਂ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਸਬੰਧੀ ਅਮਰੀਕ ਸਿੰਘ ਨੇ ਦੱਸਿਆ ਕਿ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਊ ਸਿਲੰਡਰ ਲੈ ਕੇ ਅੱਗ ’ਤੇ ਕਾਬੂ ਪਾਇਆ ਅਤੇ ਕਾਰ ਸਵਾਰ ਵਾਲ-ਵਾਲ ਬਚ ਗਏ।