ਜਸਵੰਤ ਜੱਸ
ਫ਼ਰੀਦਕੋਟ, 28 ਮਈ
ਫ਼ਰੀਦਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਆਏ ਤੇਜ਼ ਝੱਖੜ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਡਿੱਗ ਗਏ ਹਨ। ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਕਾਰਨ ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਸੂਚਨਾ ਅਨੁਸਾਰ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ, ਢੁੱਡੀ, ਪੱਕਾ, ਚਮੇਲੀ, ਟਹਿਣਾ, ਕਲੇਰ ਅਤੇ ਪੰਜਗਰਾਈਂ ਕਲਾਂ ਆਦਿ ਰਾਤ ਸਮੇਂ ਆਏ ਝੱਖਣ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਪਾਵਰਕੌਮ ਦੇ ਨਿਗਰਾਨ ਇੰਜਨੀਅਰ ਕੁਲਵੰਤ ਸਿੰਘ ਨੇ ਕਿਹਾ ਕਿ ਝੱਖੜ ਕਾਰਨ ਪਾਵਰਕੌਮ ਨੂੰ 80 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਝੱਖੜ ਕਾਰਨ ਅੱਠ ਫੀਡਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਦੇਰ ਰਾਤ ਤੱਕ ਆਬਾਦੀ ਵਾਲੇ ਖੇਤਰਾਂ ਦੀ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ ਜਦੋਂਕਿ ਖੇਤਾਂ ਵਾਲੇ ਫੀਡਰਾਂ ਦੀ ਬਿਜਲੀ ਆਉਣ ਵਾਲੇ ਦੋ ਦਿਨਾਂ ਵਿੱਚ ਬਹਾਲ ਹੋਵੇਗੀ। ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਪਾਵਰਕੌਮ ਦੀਆਂ ਅੱਠ ਟੀਮਾਂ ਪਿਛਲੇ 12 ਘੰਟੇ ਤੋਂ ਜਦੋ-ਜਹਿਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਹੋਰ ਕਸਬਿਆਂ ਵਿੱਚ ਤੇਜ਼ ਝੱਖੜ ਕਾਰਨ ਇੱਕ ਹਜ਼ਾਰ ਤੋਂ ਵੱਧ ਦਰੱਖਤਾਂ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ।