ਪੱਤਰ ਪ੍ਰੇਰਕ
ਟੱਲੇਵਾਲ, 2 ਅਗਸਤ
ਪਿੰਡ ਬਖਤਗੜ੍ਹ ਵਿਚ ਮਨਰੇਗਾ ਮਜ਼ਦੂਰਾਂ ਦੇ ਦੋ ਧੜੇ ਆਹਮੋ ਸਾਹਮਣੇ ਹੋਣ ਨਾਲ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਜਿੱਥੇ ਇੱਕ ਧਿਰ ਦੇ ਸੀਪੀਆਈ (ਲਬਿਰੇਸ਼ਨ) ਆਗੂ ਵਲੋਂ ਮੌਜੂਦਾ ਸਰਪੰਚ ਦੇ ਲੜਕੇ ਉਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ, ਉਥੇ ਦੂਜੇ ਪਾਸੇ ਇੱਕ ਮਨਰੇਗਾ ਔਰਤ ਵਰਕਰ ਨੇ ਲਬਿਰੇਸ਼ਨ ਆਗੂ ਉਪਰ ਥੱਪੜ ਮਾਰਨ ਦੇ ਦੋਸ਼ ਲਗਾਏ ਹਨ।
ਇਸ ਸਬੰਧੀ ਲਬਿਰੇਸ਼ਨ ਧਿਰ ਵਲੋਂ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਅਜੈਬ ਸਿੰਘ ਨੂੰ ਮੌਜੂਦਾ ਸਰਪੰਚ ਦੇ ਪੁੱਤਰ ਤਰਨਜੀਤ ਸਿੰਘ ਨੇ ਫੋਨ ਕਰਕੇ ਆਪਣੇ ਘਰ ਬੁਲਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਗਾਲੀ ਗਲੋਚ ਕੀਤੀ। ਕੁੱਟਮਾਰ ਕਰਨ ਵਾਲਿਆਂ ਵਿੱਚ ਪੰਚ ਸਮੇਤ 5 ਆਦਮੀ ਤੇ ਇਕ ਔਰਤ ਸੀ। ਉਹਨਾਂ ਦੱਸਿਆ ਕਿ ਅਜੈਬ ਸਿੰਘ ਤਪਾ ਸਰਕਾਰੀ ਹਸਪਤਾਲ ਵਿੱਚ ਆਪਣੇ ਇਲਾਜ ਲਈ ਦਾਖ਼ਲ ਹੈ। ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪੁਲੀਸ ਨੇ ਪਰਚਾ ਦਰਜ ਨਾ ਕੀਤਾ ਤਾਂ ਉਹ 5 ਅਗਸਤ ਨੂੰ ਪੱਖੋ ਕੈਂਚੀਆਂ ਪੁਲੀਸ ਚੌਂਕੀ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਉਥੇ ਦੂਜੇ ਪਾਸੇ ਸਰਪੰਚ ਦੇ ਪੁੱਤਰ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਮਨਰੇਗਾ ਵਿੱਚ ਕੰਮ ਕਰਦੇ ਅਜੈਬ ਸਿੰਘ ਅਤੇ ਪਰਮਜੀਤ ਕੌਰ ਦਾ ਮਨਰੇਗਾ ਦੇ ਕੰਮ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸਨੂੰ ਹੱਲ ਕਰਨ ਲਈ ਉਹਨਾਂ ਨੇ ਦੋਵੇਂ ਧਿਰਾਂ ਨੂੰ ਖੁਸ਼ ਆਪਣੇ ਘਰ ਬੁਲਾਇਆ ਹੋਇਆ ਸੀ। ਪਰ ਇਸ ਦੌਰਾਨ ਅਜੈਬ ਸਿੰਘ ਵਲੋਂ ਪਰਮਜੀਤ ਕੌਰ ਦੇ ਥੱਪੜ ਮਾਰਿਆ ਗਿਆ।