ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਅਕਤੂਬਰ
ਇਥੇ ਸੀਆਈਏ ਸਟਾਫ਼ ਨੇ ਹਾਈਵੇਅ ’ਤੇ ਲੁੱਟ,ਫਿਰੌਤੀ ਤੇ ਲੁੱਟ ਦੇ ਇਰਾਦੇ ਨਾਲ ਗੋਲੀ ਨਾਲ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਅੰਤਰ-ਰਾਜੀ ਗੈਂਗ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਵਾਰਦਾਤ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਉਤਰਾਖੰਡ ’ਚ ਜਾ ਕੇ ਠਹਿਰਦੇ ਸਨ। ਪੁਲੀਸ ਮੁਤਾਬਕ ਅਜੈ ਕੁਮਾਰ ਉਰਫ ਮਨੀ ਵਾਸੀ ਪਟਵਾਰੀ ਮੁਹੱਲਾ ਜੋੜੀਆ ਚੱਕੀਆ, ਕੋਟਕਪੂਰਾ ਅਤੇ ਅਮ੍ਰਿਤਪਾਲ ਸਿੰਘ ਭਿੰਡਰ ਪਿੰਡ ਭਿੰਡਰ ਕਲਾਂ ਹਾਲ ਆਬਾਦ ਚੱਕੀ ਵਾਲੀ ਗਲੀ, ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ, 2 ਦੇਸੀ ਪਿਸਤੌਲ, ਇੱਕ 32 ਬੋਰ 4 ਕਾਰਤੂਸ ਅਤੇ ਇੱਕ 30 ਬੋਰ ਸਮੇਤ 9 ਕਾਰਤੂਸ ਅਤੇ ਇੱਕ ਚੋਰੀ ਦਾ ਹੀਰੋ ਹੌਂਡਾ ਸਪਲੇਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਮੁੱਖ ਤੌਰ ’ਤੇ ਕੈਨੇਡਾ ਵਿੱਚ ਰਹਿੰਦੇ ਸੁੱਖਾ ਨਿਵਾਸੀ ਦੁੱਨੇਕੇ ਨਾਲ ਸਾਜਿਸ਼ ਰਚਣ ਮਗਰੋਂ ਪੰਜਾਬ ਅਤੇ ਹਰਿਆਣਾ ਰਾਜਾਂ ਵਿਚ ਵਾਰਦਾਤ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼, ਉਤਰਾਖੰਡ ਵੱਲ ਚਲੇ ਜਾਂਦੇ ਸਨ। ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਅਜੈ ਕੁਮਾਰ ਉਰਫ ਮਨੀ ਅਤੇ ਅਮ੍ਰਿਤਪਾਲ ਸਿੰਘ ਭਿੰਡਰ ਦੋਵੇਂ ਗਿਰੋਹ ਦੇ ਮੁੱਖ ਨਿਸ਼ਾਨੇਬਾਜ਼ ਸਨ। ਇੰਨ੍ਹਾਂ ਦੇ 6 ਸਾਥੀ ਮੈਂਬਰਾਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਇਸ ਗਰੋਹ ਦਾ ਕਾਰੋਬਾਰ ਵੱਡੇ ਕਾਰੋਬਾਰੀਆਂ ਕੋਲੋਂ ਫਿਰੌਤੀ ਲਈ ਫੋਨ ਕਰਦੇ ਸਨ ਅਤੇ ਫ਼ਿਰੌਤੀ ਨਾਂ ਮਿਲਣ ਉੱਤੇ ਉਨ੍ਹਾਂ ਨੁੰ ਡਰਾਇਆ ਧਮਕਾਇਆ ਜਾਂਦਾ ਸੀ।