ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 27 ਅਗਸਤ
ਸਰਕਾਰ ਵੱਲੋਂ ਕਰੋਨਾ ਮਹਾਮਾਰੀ ਸਬੰਧੀ ਜਾਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪੁਲੀਸ ਸ਼ਾਮ ਢੱਲਦੇ ਹੀ ਸਾਢੇ ਛੇ ਵਜੇ ਹੂਟਰਾਂ ਰਾਹੀਂ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਬੰਦ ਕਰਨ ਅਤੇ ਕਰਫਿਊ ਲਾਗੂ ਹੋ ਜਾਣ ਦੀ ਦੁਹਾਈ ਦਿੰਦੀ ਹੋਈ ਲੋਕਾਂ ਨੂੰ ਘਰਾਂ ‘ਚ ਵੜ ਜਾਣ ਲਈ ਆਖਣ ਲੱਗ ਪੈਂਦੀ ਹੈ। ਜ਼ਿਲ੍ਹੇ ‘ਚ ਪੂਰੀ ਰਾਤ ਦਾ ਕਰਫਿਊ ਲਾਗੂ ਹੋਣ ਦੇ ਬਾਵਜੂਦ ਥਾਣਾ ਕੋਤਵਾਲੀ-1 ਦੇ ਬਿਲਕੁਲ ਨਜ਼ਦੀਕ ਰਾਤ ਦੇ ਤਿੰਨ ਵਜੇ ਦੇ ਕਰੀਬ ਲੱਖਾਂ ਰੁਪਏ ਕੀਮਤ ਦੀਆਂ ਦੋ ਸਕਾਰਪੀਓ ਨਵੀਂਆਂ ਗੱਡੀਆਂ ਚੋਰੀ ਹੋ ਗਈਆਂ ਹਨ। ਇਨ੍ਹਾਂ ਚੋਰੀਆਂ ਨੇ ਪੁਲੀਸ ਦੇ ਕੰਮਕਾਜ ‘ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ-1 ਦੇ ਬਿਲਕੁਲ ਨਜ਼ਦੀਕ ਰਾਤੀਂ ਤਿੰਨ ਵਜੇ ਦੇ ਕਰੀਬ ਡਿਜ਼ਾਇਰ ਕਾਰ ‘ਚ ਆਏ ਵਿਅਕਤੀਆਂ ਨੇ ਬਿਨਾਂ ਕਿਸੇ ਡਰ ਭੈਅ ਦੇ ਹੰਡਿਆਇਆ ਬਾਜ਼ਾਰ ਵਿੱਚ ਖੜ੍ਹੀਆਂ ਦੋ ਚਿੱਟੇ ਰੰਗ ਦੀਆਂ ਸਕਾਰਪੀਓ ਗੱਡੀਆਂ ਨੰਬਰ ਪੀਬੀ 19ਐਸ 1222 ਮਾਲਕ ਗਿਆਨ ਚੰਦ ਸੋਹਣ ਲਾਲ ਅਤੇ ਦੂਜੀ ਚਿੱਟੇ ਰੰਗ ਦੀ ਸਕਾਰਪੀਓ ਨੰਬਰ ਪੀਬੀ 10ਈਐਫ 7117 ਮਾਲਕ ਭੂਸ਼ਨ ਕੁਮਾਰ ਦੀ ਗੱਡੀ ਚੋਰੀ ਕਰ ਕੇ ਲੈ ਗਏ।
ਇਨ੍ਹਾਂ ਚੋਰਾਂ ਨੂੰ ਸ਼ਹਿਰ ‘ਚ ਕਈ ਜਗ੍ਹਾ ’ਤੇ ਲੱਗੇ ਪੁਲੀਸ ਨਾਕਿਆਂ ਤੇ ਕਿਸੇ ਪੁਲੀਸ ਮੁਲਾਜ਼ਮ ਨੇ ਰੋਕਣ ਦੀ ਖੇਚਲਤਾ ਤੱਕ ਨਹੀਂ ਕੀਤੀ। ਕਾਰ ਮਾਲਕ ਗਿਆਨ ਚੰਦ ਅਤੇ ਭੂਸ਼ਨ ਕੁਮਾਰ ਨੇ ਕਿਹਾ ਕਿ ਚੋਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ।
ਚੋਰਾਂ ਦੀ ਪੈੜ ਜਲਦੀ ਨੱਪਣ ਦਾ ਦਾਅਵਾ
ਥਾਣਾ ਕੋਤਵਾਲੀ-1 ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪੈੜ ਜਲਦੀ ਲੱਭਣ ਦਾ ਦਾਅਵਾ ਕੀਤਾ ਹੈ।