ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ 29 ਅਪਰੈਲ
ਜ਼ਿਲ੍ਹਾ ਜੇਲ੍ਹ ਅੰਦਰ ਦੋ ਧਿਰਾਂ ’ਚ ਹੋਈ ਲੜਾਈ ਨੂੰ ਲੈ ਕੇ ਪੁਲੀਸ ਵੱਲੋਂ ਥਾਣਾ ਸਦਰ ਵਿੱਚ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਵੱਲੋਂ ਥਾਣਾ ਸਦਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੂੜਾ ਗੁੱਜ਼ਰ ਰੋਡ ਸਥਿਤ ਜ਼ਿਲ੍ਹਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੋ ਗਰੁੱਪਾਂ ਵਿੱਚ ਲੜਾਈ ਹੋ ਗਈ ਤੇ ਜਦੋਂ ਵਿੱਚ ਬਚਾਅ ਦੇ ਲਈ ਹੌਲਦਾਰ ਸੁਖਵਿੰਦਰ ਸਿੰਘ ਅਤੇ ਜੇਲ੍ਹ ਵਾਰਡਨ ਜਸਵੀਰ ਸਿੰਘ ਪਹੁੰਚੇ ਤਾਂ ਹਵਾਲਾਤੀ ਤੇ ਕੈਦੀਆਂ ਨੇ ਉਨ੍ਹਾਂ ’ਤੇ ਹਮਲਾ ਕਰਦਿਆਂ ਝਾਰਨੀ ਮਾਰ ਕੇ ਜਖ਼ਮੀ ਕਰ ਦਿੱਤਾ, ਜਦੋਂ ਕਿ ਜੇਲ੍ਹ ਵਾਰਡਨ ਜਸਵੀਰ ਸਿੰਘ ਦੇ ਇੱਟਾ ਰੋਡੇ ਵੱਜਣ ਕਾਰਨ ਜਖ਼ਮੀ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਜੇਲ੍ਹ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਦੋਂ ਕਿ ਲੜਾਈ ਦੌਰਾਨ ਜਖ਼ਮੀ ਦੋ ਬੰਦੀ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੰਨੀ ਪੁੱਤਰ ਪਰਮਜੀਤ ਸਿੰਘ ਨੂੰ ਅਗਲੇ ਇਲਾਜ ਦੇ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਈ ਰੈਫਰ ਕਰ ਦਿੱਤਾ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਥਾਣਾ ਸਦਰ ਪੁਲੀਸ ਵੱਲੋਂ ਕੁਲਜੀਤ ਸਿੰਘ ਉਰਫ ਗਾਂਧੀ, ਸੁਮੇਸ਼ ਉਰਫ ਬਿੱਲਾ, ਕੈਦੀ ਬਲਦੇਵ ਸਿੰਘ ਉਰਫ ਬਿੱਟੂ, ਬੰਦੀ ਖੁਸ਼ਹਾਲ ਸਿੰਘ, ਗੁਰਵਿੰਦਰ ਸਿੰਘ, ਸੰਨੀ, ਮਨੀ ਉਰਫ ਹਾਥੀ, ਰਜਿੰਦਰ ਜੋਨੀ ਅਤੇ ਅਮਨਦੀਪ ਸਿੰਘ ਜਾਮਣ ਵਾਸੀ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਕੇਸ ਦਰਜ ਕਰ ਲਿਆ।