ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਅਪਰੈਲ
ਆਮ ਆਦਮੀ ਪਾਰਟੀ ਨੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਣ ਵੱਲ ਕਦਮ ਵਧਾਉਂਦਿਆਂ ਅੱਜ ਟਰੱਕ ਯੂਨੀਅਨ ਦੇ ਦਫ਼ਤਰ ਵਿੱਚ ਪਿਛਲੇ ਲਗਪਗ ਚਾਰ ਸਾਲਾਂ ਤੋਂ ਦੋਫਾੜ ਹੋਈ ਟਰੱਕ ਯੂਨੀਅਨ ਨੂੰ ਇੱਕ ਕਰ ਦਿੱਤਾ ਹੈ। ‘ਆਪ’ ਦੇ ਵਿਧਾਇਕ ਜਗਸੀਰ ਸਿੰਘ ਦੇ ਬੇਟੇ ਤੇ ਪੰਜਾਬੀ ਗਾਇਕ ਹਰਸਿਮਰਨ ਸਿੰਘ ਅਤੇ ਵਕੀਲ ਜਸਪਾਲ ਸਿੰਘ ਸਿੱਧੂ ਦੇ ਸਾਰਥਕ ਉਪਰਾਲੇ ਕਾਰਨ ਦੋਵਾਂ ਯੂਨੀਅਨਾਂ ਦੇ ਆਗੂਆਂ ਨੇ ਅੱਜ ਗਿਲੇ ਸ਼ਿਕਵੇ ਭੁਲਾ ਕੇ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਅਤੇ ਮਿਲ ਕੇ ਚੱਲਣ ਦਾ ਵਾਅਦਾ ਕੀਤਾ। ‘ਆਪ’ ਆਗੂਆਂ ਨੇ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਦੀ ਸਹਿਮਤੀ ਨਾਲ ਦੋਵਾਂ ਧਿਰਾਂ ਦੇ ਦੋ-ਦੋ ਵਿਅਕਤੀ ਅਤੇ ‘ਆਪ’ ਦੇ ਇੱਕ ਆਗੂ ਸਮੇਤ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਜਿਨ੍ਹਾਂ ਵਿੱਚ ਗੁਰਦੀਪ ਸਿੰਘ ਲਾਲੀ, ਬਰਿੰਦਰ ਪਾਲ ਬਿੰਪਾ, ਕੁਲਦੀਪ ਸਿੰਘ, ਹਰਦਮ ਸਿੰਘ ਅਤੇ ‘ਆਪ’ ਦੇ ਸੂਝਵਾਨ ਆਗੂ ਸਰਬਜੀਤ ਮਾਹਲ ਨੂੰ ਸ਼ਾਮਲ ਕੀਤਾ ਗਿਆ ਹੈ। ਜਸਪਾਲ ਸਿੱਧੂ ਨੇ ਦੱਸਿਆ ਕਿ ‘ਆਪ’ ਦੇ ਸਰਬਜੀਤ ਮਾਹਲ ਨੂੰ ਕਮੇਟੀ ਵਿੱਚ ਇਸ ਲਈ ਸ਼ਾਮਲ ਕੀਤਾ ਗਿਆ ਹੈ ਕਿ ਉਹ ਪ੍ਰਸ਼ਾਸਨਿਕ ਕੰਮਾਂ ਅਤੇ ਟੈਂਡਰਾਂ ਆਦਿ ਬਾਰੇ ਚੰਗੀ ਸੂਝ ਰੱਖਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਟਰੱਕ ਅਪਰੇਟਰਾਂ ਦੇ ਕੰਮਾਂ ਵਿੱਚ ਕੋਈ ਦਖ਼ਲ ਨਹੀਂ ਦੇਵੇਗੀ।
ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਰਿੰਦਰ ਬਿੰਪਾ ਨੇ ਦੱਸਿਆ ਕਿ ਯੂਨੀਅਨ ਦੇ ਕੰਮਾਂ ਵਿੱਚ ਕਾਂਗਰਸ ਪਾਰਟੀ ਦੇ ਭਾਰੀ ਦਖ਼ਲ ਅਤੇ ਕਾਂਗਰਸ ਵੱਲੋਂ ਬਾਹਰਲਾ ਵਿਅਕਤੀ ਪ੍ਰਧਾਨ ਬਣਾਏ ਜਾਣ ਕਾਰਨ ਚਾਰ ਕੁ ਸਾਲ ਪਹਿਲਾਂ ਯੂਨੀਅਨ ਦੋਫਾੜ ਹੋ ਗਈ ਸੀ ਲੜਾਈ ਝਗੜੇ ਵੀ ਹੁੰਦੇ ਰਹੇ ਹਨ।