ਪੱਤਰ ਪ੍ਰੇਰਕ
ਭਗਤਾ ਭਾਈ, 3 ਮਈ
ਸਥਾਨਕ ਕਸਬੇ ਵਿਚ ਵੱਡੇ ਭਰਾ ਦੀ ਮੌਤ ਦੇ ਕੁਝ ਮਿੰਟਾਂ ਬਾਅਦ ਹੀ ਗਮ ਵਿਚ ਛੋਟੇ ਭਰਾ ਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ (75) ਜੋ ਕਿ ਕਿਸੇ ਬਿਮਾਰੀ ਤੋਂ ਪੀੜਤ ਸੀ, ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ। ਜਦੋਂ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਕੁਝ ਹੀ ਮਿੰਟਾਂ ਬਾਅਦ ਉਸ ਦੇ ਛੋਟੇ ਸਕੇ ਭਰਾ ਅਕਾਲੀ ਆਗੂ ਅਮਰਜੀਤ ਸਿੰਘ ਦੀ ਵੀ ਮੌਤ ਹੋ ਗਈ। ਗੌਰਤਲਬ ਹੈ ਕਿ ਅਮਰਜੀਤ ਸਿੰਘ ਖੁਦ ਮੈਂਬਰ ਪੰਚਾਇਤ ਰਹੇ ਹਨ ਤੇ ਉਨ੍ਹਾਂ ਦੀ ਧਰਮ ਪਤਨੀ ਅਕਾਲੀ-ਭਾਜਪਾ ਸਰਕਾਰ ਸਮੇਂ ਐਮ.ਸੀ. ਰਹੇ ਹਨ। ਅਮਰਜੀਤ ਸਿੰਘ ਨੇ ਲੰਬਾ ਸਮਾਂ ਸਥਾਨਿਕ ਸ਼ਹਿਰ ਦੇ ਭੂਤਾਂ ਵਾਲੇ ਖੂਹ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ। ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰੀਤਮ ਸਿੰਘ ਤੇ ਅਮਰਜੀਤ ਸਿੰਘ ਮੈਂਬਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।