ਰਵਿੰਦਰ ਰਵੀ
ਬਰਨਾਲਾ, 23 ਜਨਵਰੀ
ਸ਼ਹਿਰ ਦੇ ਇੱਕ ਨਾਮੀ ਸਰਾਫ਼ ’ਤੇ ਬੀਤੇ ਦਿਨੀਂ ਲੱਖਾਂ ਰੁਪਏ ਦੇ ਕੀਮਤੀ ਗਹਿਣੇ ਕੌਡੀਆਂ ਦੇ ਭਾਅ ਖਰੀਦਣ ਦੇ ਦੋਸ਼ ’ਚ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਉਸ ਨੂੰ ਫੜਨ ’ਚ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ। ਪੁਲੀਸ ਵੱਲੋਂ ਸਰਾਫ਼ ਨੂੰ ਫੜਨ ਲਈ ਛਾਪੇ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦਕਿ ਮੁਲਜ਼ਮ ਅਦਾਲਤ ’ਚ ਅਗਾਊ ਜ਼ਮਾਨਤ ਲਈ ਵਕੀਲਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਿਹਾ ਹੈ। ਕੇਸ ’ਚ ਨਾਮਜ਼ਦ ਸਰਾਫ਼ ਵੱਲੋਂ ਸਵਰਨਕਾਰ ਯੂਨੀਅਨ ਰਾਹੀਂ ਖੁਦ ਨੂੰ ਨਿਰਦੋਸ਼ ਸਾਬਤ ਕਰਨ ਲਈ ਪੁਲੀਸ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਹਿਰ ਦੇ ਇੱਕ ਪਰਿਵਾਰ ਦੀ ਲੜਕੀ ਨਾਲ ਜਬਰ ਜਨਾਹ ਅਤੇ ਅਮਾਨਤ ’ਚ ਖਿਆਨਤ ਪਾਉਣ ਦੇ ਦੋਸ਼ ’ਚ ਪੁਲੀਸ ਵੱਲੋਂ ਸਖ਼ਤ ਧਾਰਾਵਾਂ ਤਹਿਤ ਦਰਜ ਕੀਤੇ ਕੇਸ ’ਜ ਨਾਮਜ਼ਦ ਮੁਲਜ਼ਮ ਪਤੀ ਪਤਨੀ ਸ਼ਮਸ਼ੇਰ ਸਿੰਘ ਅਤੇ ਹਰਪ੍ਰੀਤ ਕੌਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਸ਼ਹਿਰ ਦੇ ਨਾਮੀ ਕਰਤਾਰ ਜਿਊਲਰਜ਼ ਨੂੰ ਪੀੜਤ ਲੜਕੀ ਤੋਂ ਲਏ 115 ਤੋਲੇ ਸੋਨੇ ਦੇ ਗਹਿਣਿਆਂ ’ਚ 75 ਤੋਲਿਆਂ ਦੇ ਕਰੀਬ ਗਹਿਣੇ ਵੇਚੇ ਸਨ। ਪੁਲੀਸ ਨੇ 18 ਜਨਵਰੀ ਨੂੰ ਕੇਸ ’ਚ ਕਰਤਾਰ ਜਿਊਲਰਜ਼ ਦੇ ਮਾਲਕ ਸਤੀਸ਼ ਖੀਪਲ (ਕਰਤਾਰ ਜਿਊਲਰਜ਼) ਸਦਰ ਬਾਜ਼ਾਰ ਬਰਨਾਲਾ ਨੂੰ ਨਾਮਜ਼ਦ ਕਰ ਲਿਆ ਸੀ। ਜਾਣਕਾਰੀ ਅਨੁਸਾਰ ਪੁਲੀਸ ਦੇ ਉੱਚ ਅਧਿਕਾਰੀ ਇਲਾਕੇ ਅੰਦਰ ਸੋਨੇ ਦੇ ਗਹਿਣਿਆਂ ਦੀਆਂ ਹੋਈਆਂ ਚੋਰੀਆਂ ਅਤੇ ਚੋਰਾਂ ਵੱਲੋਂ ਗਹਿਣੇ ਕਿਸ ਸੁਨਿਆਰ ਨੂੰ ਵੇਚੇ ਗਏ ਬਾਰੇ ਪੈੜ ਨੱਪਣ ਲਈ ਵਿਊਂਤਬੰਦੀ ਕਰ ਰਹੇ ਹਨ। ਥਾਣਾ ਸਿਟੀ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਸਤੀਸ਼ ਖੀਪਲ ਦੁਕਾਨ ਬੰਦ ਕਰਕੇ ਪਰਿਵਾਰ ਸਮੇਤ ਫਰਾਰ ਹੈ। ਉਨ੍ਹਾਂ ਮੁਲਜ਼ਮ ਨੂੰ ਜਲਦ ਫੜਨ ਦਾ ਦਾਅਵਾ ਕੀਤਾ।