ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਸਤੰਬਰ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਜਿੱਥੇ ਜਨਮ ਦਿਨ ਮੌਕੇ ਦੇਸ਼ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ, ਉੱਥੇ ਪੰਜਾਬ ਦੇ ਬੇਰੁਜ਼ਗਾਰਾਂ ਵੱਲੋਂ ਗਾਰੇ ਦਾ ਕੇਕ ਕਹੀ ਨਾਲ ਕੱਟ ਕੇ ਲਾਹਨਤਾਂ ਪਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਬੀਐੱਡ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਪਿੰਡ ਜੋਧਪੁਰ ਵਿੱਚ ਮਿੱਟੀ ਦਾ ਕੇਕ ਕੱਟਿਆ ਗਿਆ।
ਸੁਖਵਿੰਦਰ ਸਿੰੰਘ ਢਿੱਲਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਤੋਂ ਦੇਸ਼ ਦੀ ਕਮਾਨ ਸੰਭਾਲੀ ਹੈ, ਦੇਸ਼ ਦਾ ਹਰ ਪੱਖ ਤੋਂ ਬੇੜਾ ਗਰਕ ਕਰ ਦਿੱਤਾ ਹੈ। ਦੇਸ਼ ਦੇ ਦੋ ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋਇਆ। ਅੱਜ ਉਨ੍ਹਾਂ ਦਾ ਜਨਮ ਦਿਨ ਮਿੱਟੀ ਦਾ ਕੇਕ ਕੱਟ ਕੇ ਮਨਾਉਣ ਦਾ ਮਕਸਦ ਉਨ੍ਹਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਬਦਲੇ ਲਾਹਨਤਾਂ ਪਾਉਣਾ ਸੀ। ਕਹੀ ਨਾਲ ਕੇਕ ਕੱਟਣ ਦਾ ਮਕਸਦ ਇਹ ਹੈ ਕਿ ਕਹੀ ਇੱਕ ਕਿਸਾਨੀ ਸੰਦ ਹੈ। ਅੱਜ ਜੋ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਖੇਤੀ ਆਰਡੀਨੈਂਸ ਲਿਆਂਦੇ ਹਨ, ਇਹ ਨਿਰੋਲ ਕਿਸਾਨ ਵਿਰੋਧੀ ਹਨ।
ਬੇਰੁਜ਼ਗਾਰ ਆਗੂ ਜਗਜੀਤ ਸਿੰਘ ਜੱਗੀ, ਰਣਜੀਤ ਸਿੰਘ ਅਤੇ ਔਰਤ ਆਗੂ ਪਰਮਜੀਤ ਕੌਰ ਜੋਧਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੇਰੁਜ਼ਗਾਰੀ ਦਾ ਮਸੀਹਾ ਹੈ, ਜਿਸ ਨੇ ਪੂਰੇ ਦੇਸ਼ ਵਿੱਚ ਰੁਜ਼ਗਾਰ ਵਾਲੇ ਨੌਜਵਾਨਾਂ ਨੂੰ ਵੀ ਬੇਰੁਜ਼ਗਾਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਘਰ ਘਰ ਨੌਕਰੀ ਦਾ ਸੱਦਾ ਦਿੱਤਾ ਸੀ, ਪਰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੀ ਸਰਕਾਰ ਨੇ ਨਾ ਹੀ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵੀ ਦੇਸ਼ ਦੀ ਸਿੱਖਿਆ ਦਾ ਉਜਾੜਾ ਕਰਨ ਵਾਲੀ ਹੈ, ਜਿਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖੇਤੀ ਆਰਡੀਨੈੱਸ ਬਿੱਲ ਵਾਪਸ ਲੈਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਹਰਜੀਤ ਸਿੰਘ ਮੱਲ, ਲੱਖਾ ਸਿੰਘ ਅਤੇ ਹੋਰ ਨੌਜਵਾਨ ਵੀ ਹਾਜ਼ਰ ਸਨ।
ਜਥੇਬੰਦੀਆਂ ਨੇ ਮੋਦੀ ਦਾ ਜਨਮ ਦਿਨ ਬੇਰੁਜ਼ਗਾਰੀ ਦਿਵਸ ਵਜੋਂ ਮਨਾਇਆ
ਮਾਨਸਾ (ਜੋਗਿੰਦਰ ਸਿੰਘ ਮਾਨ): ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਦੇਸ਼ ਵਿਆਪੀ ਬੇਰੁਜ਼ਗਾਰ ਦਿਵਸ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਮਨਾਇਆ ਗਿਆ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾਈ ਪ੍ਰਧਾਨ ਪ੍ਰਦੀਪ ਗੁਰੂ, ਪੀਯੂ ਚੰਡੀਗੜ੍ਹ ਆਇਸਾ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਬੇਰੁਜ਼ਗਾਰੀ ਦਿਵਸ ਵਜੋਂ ਕੌਮੀ ਸੱਦੇ ‘ਤੇ ਪੰਜਾਬ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੀ ਤਰ੍ਹਾਂ ਮਾਨਸਾ ਵਿੱਚ ਰੋਸ ਵਜੋਂ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਸਰਕਾਰ ਦਾ ਇੱਕ ਚੋਣ ਵਾਅਦਾ ਸਿਰਫ਼ ਲਾਰਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਤਾਂ ਕੀ ਦੇਣਾ ਸੀ ਸਰਕਾਰ ਵੱਲੋਂ ਪਿਛਲੇ ਦਿਨੀਂ ਤਿੰਨ ਆਰਡੀਨੈਂਸ ਪਾਸ ਕਰ ਕਿਸਾਨਾਂ ਤੋਂ ਵੀ ਰੁਜ਼ਗਾਰ ਖੋਹ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪਾਰਲੀਮੈਂਟ ਵਿੱਚ ਰੁਜ਼ਗਾਰ ਗਾਰੰਟੀ ਬਿੱਲ ਪਾਸ ਕਰੇ, ਨਹੀਂ ਆਉਣ ਵਾਲੇ ਸਮੇਂ ਵਿਦਿਆਰਥੀ ਨੌਜਾਵਨ ਕੇਂਦਰ ਸਰਕਾਰ ਦੇ ਖਿਲਾਫ਼ ਸੜਕਾਂ ‘ਤੇ ਉਤਰਨਗੇ।