ਖੇਤਰੀ ਪ੍ਰਤੀਨਿਧ
ਬਰਨਾਲਾ, 19 ਜੁਲਾਈ
ਕਰੋਨਾ-ਸੰਕਟ ਦੇ ਚਲਦਿਆਂ ਸਰਕਾਰ ਵੱਲੋਂ ਜਨਤਕ ਮੁਜ਼ਾਹਰੇ ਕਰਨ ’ਤੇ ਲਾਈ ਪਾਬੰਦੀ ਉਪਰੰਤ ਬੇਰੁਜ਼ਗਾਰ ਨੌਜਵਾਨਾਂ ਨੇ ਸੰਘਰਸ਼ ਲਈ ਨਵਾਂ ਰਾਹ ਲੱਭਿਆ ਹੈ। ਪਿੰਡਾਂ ਵਿੱਚ ਰੁਜ਼ਗਾਰ ਦੀਆਂ ਮੰਗਾਂ ਉਭਾਰਦੇ ਨਾਅਰੇ ਲਿਖਣ ਦੀ ਮੁਹਿੰਮ ਸ਼ੁਰੂ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਨੇ ਆਪਣੇ ਵਰਕਰਾਂ ਨੂੰ ਇਸ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ। ਅਨੇਕਾਂ ਥਾਵਾਂ ਉੱਤੇ ਬੇਰੁਜ਼ਗਾਰਾਂ ਵੱਲੋ ਆਪਣੀਆਂ ਮੰਗਾਂ ਨਾਲ਼ ਸਬੰਧਤ ਨਾਹਰੇ ਲਿਖ ਕੇ ਆਪਣੀ ਆਵਾਜ਼ ਸਰਕਾਰ ਤੱਕ ਪੁਚਾਉਣ ਦਾ ਰਸਤਾ ਚੁਣਿਆ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਮੀਟਿੰਗ ਮੌਕੇ ਉਹਨਾਂ 2182 ਅਸਾਮੀਆਂ ਵਿੱਚ ਵਾਧਾ ਕਰਨ ਅਤੇ ਉਮਰ ਹੱਦ ਛੋਟ ਦੇਣ ਦਾ ਭਰੋਸਾ ਦਿੱਤਾ ਸੀ, ਜੋ ਵਫ਼ਾ ਨਹੀਂ ਹੋਇਆ। ਅਜਿਹੀਆਂ ਹਾਲਤਾਂ ਵਿੱਚ ਉਨ੍ਹਾਂ ਮੰਗਾਂ ਉਭਾਰਨ ਲਈ ਬਦਲਵੇਂ ਤਰੀਕੇ ਲੱਭਣੇ ਪੈਣਗੇ। ਇਸੇ ਤਹਿਤ ਇਹਨਾਂ ਵਿਚੋਂ ਪਿੰਡਾਂ ਵਿੱਚ ਰੁਜ਼ਗਾਰ ਦੀ ਮੰਗ ਉਭਰਾਦੇ ਨਾਅਰੇ ਲਿਖਣੇ ਸ਼ੁਰੂ ਦਿੱਤੇ ਹਨ। ਇਸ ਮੌਕੇ ਹਰਸ਼ਰਨ ਸਿੰਘ ਭੱਠਲ, ਜਸਵੰਤ ਹਰੀਗੜ੍ਹ, ਅਵਤਾਰ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ।