ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 11 ਜਨਵਰੀ
ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ 144 ਦਿਨਾਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਟਾਹਲੀ ਵਾਲਾ ਦਾ ਨੌਜਵਾਨ ਮੁਨੀਸ਼ ਕੁਮਾਰ ਪੁੱਤਰ ਹਰੀ ਸਿੰਘ ਪਾਣੀ ਵਾਲੀ ਟੈਂਕੀ ਤੋਂ ਉੱਤਰ ਕੇ ਆਪਣੇ ਸਾਥੀਆਂ ਸਮੇਤ ਆਪਣੇ ਜੱਦੀ ਪਿੰਡ ਟਾਹਲੀ ਵਾਲਾ ਬੋਦਲਾ ਵਿੱਚ ਪਹੁੰਚੇ। ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਅਤੇ ਆਮ ਲੋਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਪ੍ਰਧਾਨ ਧਰਮਿੰਦਰ ਗੁਪਤਾ,ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ, ਤਹਿਸੀਲ ਪ੍ਰਧਾਨ ਦਲਜੀਤ ਸਿੰਘ ਤੇ ਵਾਈਸ ਪ੍ਰਧਾਨ ਮੋਹਨ ਲਾਲ ਨੇ ਦੱਸਿਆ ਕਿ ਮੁਨੀਸ਼ ਜੋ ਕਿ ਆਪਣੇ ਹੱਕਾਂ ਲਈ 144 ਦਿਨ ਲਗਾਤਾਰ ਭੁੱਖਾ-ਭਾਣਾ ਪਹਿਲਾਂ 21 ਅਗਸਤ ਤੋਂ ਸੰਗਰੂਰ ਤੇ ਫਿਰ 28 ਅਕਤੂਬਰ ਤੋਂ ਜਲੰਧਰ ਵਿਖੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਪ੍ਰਗਟਾਉਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਨੀਸ਼ ਨੇ ਐੱਮਏ, ਬੀਐੱਡ ਪਾਸ ਕਰਕੇ ਤਿੰਨ ਵਾਰ ਸੀ-ਟੈੱਟ ਤੇ ਤਿੰਨ ਵਾਰ ਪੀ-ਟੈੱਟ ਪਾਸ ਕੀਤਾ ਹੋਇਆ ਹੈ। ਇਸ ਮੌਕੇ ਮਾਸਟਰ ਕੇਡਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਫਾਜ਼ਿਲਕਾ ਦੇ ਆਗੂ ਮੁਨੀਸ਼ ਤੇ ਉਸ ਦੇ ਸਾਥੀਆਂ ਦਾ ਸਵਾਗਤ ਕਰਨ ਉਨ੍ਹਾਂ ਦੇ ਪਿੰਡ ਪਹੁੰਚੇ। ਇਸ ਮੌਕੇ ਯੂਨੀਅਨ ਵੱਲੋਂ ਮੁਨੀਸ਼ ਨੂੰ ਯਾਦਗਾਰੀ ਚਿੰਨ੍ਹ, ਆਰਥਿਕ ਮਦਦ ਤੇ ਹੌਸਲਾ-ਅਫਜ਼ਾਈ ਵੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਆਪਣੇ ਹੱਕਾਂ ਲਈ ਲੜਨ ਵਾਲੇ ਜੁਝਾਰੂ ਸਾਥੀਆਂ ਨਾਲ ਚਟਾਨ ਵਾਂਗ ਖੜ੍ਹੀ ਹੈ ਤੇ ਖੜ੍ਹੀ ਰਹੇਗੀ।