ਜੋਗਿੰਦਰ ਮਾਨ
ਮਾਨਸਾ, 11 ਨਵੰਬਰ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸੇ ਲੜੀ ਤਹਿਤ ਹੈਲਥ ਐਂਡ ਵੈੱਲਨੇਂਸ ਸੈਂਟਰ ਜਵਾਹਰਕੇ ਵਿਖੇ ਦੌਰਾ ਕਰਨ ਦੌਰਾਨ ਉਨ੍ਹਾਂ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਹੈਲਥ ਐਂਡ ਵੈਲਨੈਸ ਸੈਂਟਰ ਜਵਾਹਰਕੇ ਵਿਖੇ ਸਭ ਤੋਂ ਪਹਿਲਾਂ ਸਟਾਫ ਦੀ ਹਾਜ਼ਰੀ ’ਤੇ ਤਸੱਲੀ ਪ੍ਰਗਟਾਈ। ਇਸ ਉਪਰੰਤ ਉਨ੍ਹਾਂ ਹੈਲਥ ਵੇਲਨੇਸ ਸੈਂਟਰ ਬਰ੍ਹੇ, ਸਬ-ਸੈਂਟਰ ਬਰ੍ਹੇ ਅਤੇ ਆਮ ਆਦਮੀ ਕਲੀਨਿਕ ਬਰ੍ਹੇ ਦਾ ਦੌਰਾ ਕੀਤਾ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਸਮੇਂ-ਸਿਰ ਡਿਊਟੀ ’ਤੇ ਆਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਇੰਨਾ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੇ ਕੁਮਾਰ, ਅਵਤਾਰ ਸਿੰਘ, ਅਸ਼ਵਨੀ ਕੁਮਾਰ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ, ਬੇਅੰਤ ਕੌਰ, ਡਾ. ਮਮਤਾ ਤੇ ਹਰਜੀਤ ਕੌਰ ਵੀ ਮੌਜੂਦ ਸਨ।