ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 10 ਫ਼ਰਵਰੀ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਨਜ਼ਦੀਕੀ ਪਿੰਡ ਮੱਲਵਾਲ ਕਦੀਮ ਵਿੱਚ ਛਾਪਾ ਮਾਰ ਕੇ ਬਿਨਾਂ ਲਾਇਸੈਂਸ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ। ਇਹ ਨਸ਼ਾ ਛੁਡਾਊ ਕੇਂਦਰ ਪਿਛਲੇ ਕਰੀਬ ਢਾਈ ਮਹੀਨੇ ਤੋਂ ਗ਼ੈਰਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਸਿਹਤ ਵਿਭਾਗ ਦੀ ਟੀਮ ਨੇ ਇਸ ਕੇਂਦਰ ਵਿੱਚੋਂ 80 ਹਜ਼ਾਰ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਕੇਂਦਰ ਵਿੱਚ ਨਸ਼ਾ ਛੁਡਾਉਣ ਵਾਸਤੇ ਭਰਤੀ ਕੀਤੇ ਗਏ ਛੇ ਮਰੀਜ਼ ਵੀ ਮਿਲੇ ਹਨ, ਜਿਨ੍ਹਾਂ ਨੂੰ ਹੁਣ ਇਲਾਜ ਵਾਸਤੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ। ਟੀਮ ਨੇ ਜਦੋਂ ਛਾਪਾ ਮਾਰਿਆ ਤਾਂ ਕੇਂਦਰ ਅੰਦਰ ਦੋ ਔਰਤਾਂ ਵੀ ਮੌਜੂਦ ਸਨ, ਜੋ ਇੱਥੇ ਸਟਾਫ਼ ਵਜੋਂ ਕੰਮ ਕਰਦੀਆਂ ਸਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ।